ਹਾਈਵੋਲਟੇਜ ਤਾਰਾਂ ਦੀ ਲਪੇਟ ''ਚ ਆਉਣ ਕਾਰਨ ਮਿਸਤਰੀ ਦੀ ਮੌਤ

Tuesday, Dec 18, 2018 - 01:43 AM (IST)

ਹਾਈਵੋਲਟੇਜ ਤਾਰਾਂ ਦੀ ਲਪੇਟ ''ਚ ਆਉਣ ਕਾਰਨ ਮਿਸਤਰੀ ਦੀ ਮੌਤ

ਲੁਧਿਆਣਾ,(ਅਨਿਲ)— ਥਾਣਾ ਮੇਹਰਬਾਨ ਅਧੀਨ ਆਉਂਦੀ ਮਾਡਲ ਕਾਲੋਨੀ 'ਚ ਇਕ ਮਿਸਤਰੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਥਾਣਾ ਮੁਖੀ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਮ੍ਰਿਤਕ ਮਿਸਤਰੀ ਜਤਿੰਦਰ ਸਿੰਘ ਦੇ ਸਾਲੇ ਅਮਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੰਦ ਲੋਕ ਕਾਲੋਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਅਤੇ ਉਸ ਦਾ ਜੀਜਾ ਮਾਡਲ ਕਾਲੋਨੀ 'ਚ ਅਸ਼ੋਕ ਕੁਮਾਰ ਪੁੱਤਰ ਹਰਬੀਰ ਸਿੰਘ ਦੇ ਘਰ 'ਚ ਮਕਾਨ ਬਣਾਉਣ ਦਾ ਕੰਮ ਕਰ ਰਹੇ ਸਨ। ਮਕਾਨ ਮਾਲਕ ਨੇ ਆਪਣੇ ਘਰ ਦੇ ਬਾਹਰ ਪਲੱਸਤਰ ਕਰਵਾਉਣ ਲਈ ਪੈਡ ਬਣਾਈ ਹੋਈ ਸੀ, ਜਦੋਂ ਉਸ 'ਤੇ ਚੜ੍ਹ ਕੇ ਮਿਸਤਰੀ ਜਤਿੰਦਰ ਸਿੰਘ ਕੰਮ ਕਰਨ ਲੱਗਾ ਤਾਂ ਉਪਰੋਂ ਲੰਘ ਰਹੀਆਂ ਹਾਈਵੋਲਟੇਜ ਤਾਰਾਂ ਤੋਂ ਉਸ ਨੂੰ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਲਾਪ੍ਰਵਾਹੀ ਵਰਤਣ ਕਾਰਨ ਮਕਾਨ ਮਾਲਕ ਅਸ਼ੋਕ ਕੁਮਾਰ 'ਤੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News