ਬਾਰਿਸ਼ ਕਾਰਨ ਪਸ਼ੂਆਂ ਦੇ ਕਮਰੇ ਦੀ ਛੱਤ ਡਿੱਗੀ, 3 ਦੀ ਮੌਤ
Thursday, Jul 17, 2025 - 03:58 PM (IST)

ਅਬੋਹਰ (ਸੁਨੀਲ) : ਬੀਤੀ ਰਾਤ ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਡੰਗਰਖੇੜਾ ’ਚ ਬਾਰਿਸ਼ ਕਾਰਨ ਇਕ ਗਰੀਬ ਪਰਿਵਾਰ ਦੇ ਪਸ਼ੂਆਂ ਦੇ ਕਮਰੇ ਦੀ ਛੱਤ ਡਿੱਗ ਗਈ। ਇਕ ਗਰਭਵਤੀ ਗਾਂ ਸਮੇਤ ਤਿੰਨ ਪਸ਼ੂਆਂ ਦੀ ਮਲਬੇ ਹੇਠਾਂ ਦੱਬਣ ਨਾਲ ਦਰਦਨਾਕ ਮੌਤ ਹੋ ਗਈ ਜਦੋਂ ਕਿ ਪੰਜ ਹੋਰ ਪਸ਼ੂ ਜ਼ਖਮੀ ਹੋ ਗਏ। ਇਹ ਘਟਨਾਂ ਉਸ ਸਮੇਂ ਵਾਪਰੀ ਜਦੋਂ ਪੂਰਾ ਪਰਿਵਾਰ ਸੁੱਤਾ ਪਿਆ ਸੀ। ਇਸ ਹਾਦਸੇ ’ਚ ਪਸ਼ੂ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਦੇਵੀ ਲਾਲ ਪੁੱਤਰ ਬਨਵਾਰੀ ਲਾਲ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦਾ ਪੂਰਾ ਪਰਿਵਾਰ ਸੁੱਤਾ ਪਿਆ ਸੀ ਜਦੋਂ ਰਾਤ ਨੂੰ ਲਗਭਗ 2 ਤੋਂ 2:30 ਵਜੇ ਜ਼ੋਰਦਾਰ ਧਮਾਕਾ ਹੋਇਆ। ਜਦੋਂ ਉਹ ਉੱਠੇ ਅਤੇ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਪਸ਼ੂਆਂ ਦੇ ਕਮਰੇ ਦੀ ਛੱਤ ਡਿੱਗ ਗਈ ਸੀ ਅਤੇ ਉਸ ਦੇ ਹੇਠਾਂ ਬੰਨ੍ਹੇ 8 ਬੇਜ਼ਬਾਨ ਪਸ਼ੂ ਮਲਬੇ ਹੇਠਾਂ ਦੱਬੇ ਹੋਏ ਸਨ, ਜਿਨ੍ਹਾਂ ’ਚ ਇਕ ਗਰਭਵਤੀ ਗਾਂ ਅਤੇ ਇਕ ਮੱਝਾਂ ਸ਼ਾਮਲ ਸੀ। ਇਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੇ ਬਹੁਤ ਮੁਸ਼ਕਿਲ ਨਾਲ ਪੰਜ ਪਸ਼ੂਆਂ ਨੂੰ ਜ਼ਿੰਦਾ ਬਾਹਰ ਕੱਢਿਆ ਪਰ ਇਕ ਗਰਭਵਤੀ ਗਾਂ ਸਮੇਤ ਕੁੱਲ ਤਿੰਨ ਜਾਨਵਰ ਮਲਬੇ ਹੇਠ ਦੱਬਣ ਨਾਲ ਮਰ ਗਏ। ਇਸ ਘਟਨਾ ’ਚ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਪੀੜਤ ਨੇ ਕਿਹਾ ਕਿ ਇਹ ਪਸ਼ੂ ਉਸਦੇ ਪਰਿਵਾਰ ਲਈ ਰੋਜ਼ੀ-ਰੋਟੀ ਦਾ ਇਕੋ ਇਕ ਸਾਧਨ ਸੀ ਪਰ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਪਸ਼ੂਆਂ ਦੇ ਕਮਰੇ ਦੀ ਛੱਤ ਡਿੱਗ ਗਈ ਅਤੇ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪਿੰਡ ਵਾਸੀਆਂ ਅਤੇ ਸਮਾਜ ਸੇਵਕਾਂ ਨੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਸਰਵੇਖਣ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਜਾਰੀ ਕੀਤਾ ਜਾਵੇ।