ਸਹਿਕਾਰਤਾ ਮੰਤਰਾਲੇ ਦਾ 5ਵਾਂ ਸਥਾਪਨਾ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ : ਜਗਦੀਪ ਨਕਈ

Monday, Jul 06, 2026 - 06:10 PM (IST)

ਸਹਿਕਾਰਤਾ ਮੰਤਰਾਲੇ ਦਾ 5ਵਾਂ ਸਥਾਪਨਾ ਦਿਵਸ ਸ਼ਾਨੋ-ਸ਼ੌਕਤ ਨਾਲ ਮਨਾਇਆ : ਜਗਦੀਪ ਨਕਈ

ਮਾਨਸਾ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ ਨੇ ਦੱਸਿਆ ਕਿ ਇਫਕੋ ਦੇ ਚੇਅਰਮੈਨ ਦਲੀਪ ਭਾਈ ਸਿੰਘਾਨੀ ਦੇ ਯਤਨਾਂ ਸਦਕਾ ਸਹਿਕਾਰਤਾ ਮੰਤਰਾਲੇ ਵੱਲੋਂ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਆਪਣਾ 5ਵਾਂ ਸਥਾਪਨਾ ਦਿਵਸ ਬੜੇ ਉਤਸ਼ਾਹ ਅਤੇ ਸ਼ਾਨ ਨਾਲ ਮਨਾਇਆ ਗਿਆ। ਸਮਾਗਮ ਵਿਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ "ਸਹਿਕਾਰ ਸੇ ਸਮ੍ਰਿੱਧੀ" ਦੇ ਵਿਜ਼ਨ ਤਹਿਤ ਪਿਛਲੇ ਪੰਜ ਸਾਲਾਂ ਦੌਰਾਨ ਸਹਿਕਾਰਤਾ ਖੇਤਰ ਵਿਚ ਕੀਤੇ ਗਏ ਮਹੱਤਵਪੂਰਨ ਸੁਧਾਰਾਂ ਅਤੇ ਪ੍ਰਾਪਤੀਆਂ ਨੂੰ ਇਸ ਮੌਕੇ ਦੇਸ਼ ਸਾਹਮਣੇ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਦੇਸ਼ ਭਰ ਦੀਆਂ 50,000 ਪ੍ਰਾਇਮਰੀ ਖੇਤੀਬਾੜੀ ਕਰਜ਼ਾ ਸਹਿਕਾਰੀ ਸਭਾਵਾਂ (ਪੀ.ਏ.ਸੀ.ਐੱਸ.) ਨੂੰ ਈ-ਪੀ.ਏ.ਸੀ.ਐੱਸ. ਪ੍ਰਣਾਲੀ ਨਾਲ ਜੋੜਨ ਦੀ ਪ੍ਰਗਤੀ ਉੱਤੇ ਚਾਨਣਾ ਪਾਇਆ ਗਿਆ, ਜਿਸ ਨਾਲ ਸਹਿਕਾਰੀ ਸੰਸਥਾਵਾਂ ਵਿਚ ਪਾਰਦਰਸ਼ਤਾ ਅਤੇ ਡਿਜ਼ੀਟਲ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ।

ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ 47 ਸਹਿਕਾਰੀ ਅਨਾਜ ਭੰਡਾਰਨ ਗੋਦਾਮਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਇਲਾਵਾ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਲਈ ਦੁੱਧ ਸਪਲਾਈ ਸਮੀਖਿਆ ਡੈਸ਼ਬੋਰਡ ਪੋਰਟਲ ਦਾ ਉਦਘਾਟਨ ਕੀਤਾ ਗਿਆ ਅਤੇ ਐਨ.ਯੂ.ਸੀ.ਐਫ.ਡੀ.ਸੀ. ਵੱਲੋਂ ਸ਼ਹਿਰੀ ਸਹਿਕਾਰੀ ਬੈਂਕਾਂ ਲਈ ਕੇਂਦਰੀਕ੍ਰਿਤ ਕੋਰ ਬੈਂਕਿੰਗ ਹੱਲ "ਸਹਕਾਰ ਸੀ.ਬੀ.ਐਸ." ਅਤੇ ਡਿਜ਼ੀਟਲ ਪਲੇਟਫਾਰਮ "ਸਹਕਾਰ ਸਹਿਯੋਗੀ" ਦੀ ਵੀ ਸ਼ੁਰੂਆਤ ਕੀਤੀ ਗਈ। ਨਕਈ ਨੇ ਦੱਸਿਆ ਕਿ ਇਹ ਸਮਾਗਮ 29 ਜੂਨ ਤੋਂ 6 ਜੁਲਾਈ ਤੱਕ ਦੇਸ਼ ਭਰ ਵਿਚ ਚੱਲੀ ਵਿਸ਼ੇਸ਼ ਮੁਹਿੰਮ ਦਾ ਸਮਾਪਨ ਸੀ, ਜਿਸ ਦਾ ਉਦੇਸ਼ ਸਹਿਕਾਰਤਾ ਮੰਤਰਾਲੇ ਵੱਲੋਂ ਸਹਿਕਾਰੀ ਖੇਤਰ ਨੂੰ ਆਧੁਨਿਕ, ਪਾਰਦਰਸ਼ੀ ਅਤੇ ਆਤਮਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ। ਇਸ ਮੌਕੇ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਰਾਜੀਵ ਰੰਜਨ ਸਿੰਘ (ਲਲਨ ਸਿੰਘ), ਸਹਿਕਾਰਤਾ ਮੰਤਰੀ ਮੁਰਲੀਧਰ ਮੋਹਲ, ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਗੁਜਰਾਤ ਵਿਧਾਨ ਸਭਾ ਦੇ ਸਪੀਕਰ ਸ਼ੰਕਰ ਭਾਈ ਚੌਧਰੀ, ਬਿਪਿਨ ਭਾਈ ਪਟੇਲ ਸਮੇਤ ਕਈ ਕੇਂਦਰੀ ਅਤੇ ਰਾਜ ਪੱਧਰੀ ਆਗੂਆਂ, ਸਹਿਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਉੱਚ ਅਧਿਕਾਰੀਆਂ ਨੇ ਹਾਜ਼ਰੀ ਭਰੀ। ਨਕਈ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਦੀਆਂ ਇਹ ਪਹਿਲਕਦਮੀਆਂ ਕਿਸਾਨਾਂ, ਪੇਂਡੂ ਅਰਥਚਾਰੇ ਅਤੇ ਸਹਿਕਾਰੀ ਸੰਸਥਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਮੀਲ ਪੱਥਰ ਸਾਬਤ ਹੋਣਗੀਆਂ ਅਤੇ ਦੇਸ਼ ਨੂੰ "ਸਹਕਾਰ ਸੇ ਸਮ੍ਰਿੱਧੀ" ਦੇ ਟੀਚੇ ਵੱਲ ਹੋਰ ਤੇਜ਼ੀ ਨਾਲ ਅੱਗੇ ਲੈ ਕੇ ਜਾਣਗੀਆਂ।


author

Gurminder Singh

Content Editor

Related News