ਬਠਿੰਡਾ ''ਚ ਕ੍ਰਿਕਟ ਅਕੈਡਮੀ ''ਤੇ ਗੰਭੀਰ ਸਵਾਲ ! ਕੋਚ ''ਤੇ ਕੁੜੀ ਨਾਲ ਛੇੜਛਾੜ ਦੇ ਲੱਗੇ ਦੋਸ਼, ਕੇਸ ਦਰਜ

Sunday, Jul 05, 2026 - 07:03 PM (IST)

ਬਠਿੰਡਾ ''ਚ ਕ੍ਰਿਕਟ ਅਕੈਡਮੀ ''ਤੇ ਗੰਭੀਰ ਸਵਾਲ ! ਕੋਚ ''ਤੇ ਕੁੜੀ ਨਾਲ ਛੇੜਛਾੜ ਦੇ ਲੱਗੇ ਦੋਸ਼, ਕੇਸ ਦਰਜ

ਬਠਿੰਡਾ, (ਵਿਜੈ ਵਰਮਾ): ਬਠਿੰਡਾ ਦੇ ਥਾਣਾ ਥਰਮਲ ਖੇਤਰ ਵਿੱਚ ਚੱਲ ਰਹੀ ਇੱਕ ਨਿੱਜੀ ਕ੍ਰਿਕਟ ਅਕੈਡਮੀ ਨਾਲ ਜੁੜਿਆ ਇੱਕ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ। ਅਕੈਡਮੀ ਵਿੱਚ ਬੱਚਿਆਂ ਨੂੰ ਸਿਖਲਾਈ ਦੇਣ ਵਾਲੇ ਇੱਕ ਕ੍ਰਿਕਟ ਕੋਚ ਖ਼ਿਲਾਫ਼ ਇੱਕ ਨਾਬਾਲਿਗ ਲੜਕੀ ਨਾਲ ਕਥਿਤ ਤੌਰ 'ਤੇ ਅਸ਼ਲੀਲ ਹਰਕਤਾਂ ਅਤੇ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਘਟਨਾ ਤੋਂ ਬਾਅਦ ਸ਼ਹਿਰ ਦੇ ਖੇਡ ਜਗਤ ਅਤੇ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨਿੱਜੀ ਕ੍ਰਿਕਟ ਅਕੈਡਮੀ ਵਿੱਚ ਲੰਬੇ ਸਮੇਂ ਤੋਂ ਦਰਜਨਾਂ ਲੜਕੇ ਅਤੇ ਲੜਕੀਆਂ ਕ੍ਰਿਕਟ ਦੀ ਸਿਖਲਾਈ ਲੈ ਰਹੇ ਹਨ। ਬੀਤੇ ਦਿਨ ਅਕੈਡਮੀ ਵਿੱਚ ਸਿਖਲਾਈ ਪ੍ਰਾਪਤ ਕਰ ਰਹੀ ਇੱਕ ਘੱਟ ਉਮਰ ਦੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਥਰਮਲ ਪਹੁੰਚ ਕੇ ਕੋਚ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੋਚ ਨੇ ਲੜਕੀ ਨੂੰ ਗਲਤ ਨੀਅਤ ਨਾਲ ਛੂਹਿਆ ਅਤੇ ਉਸ ਨਾਲ ਅਣਉਚਿਤ ਹਰਕਤਾਂ ਕੀਤੀਆਂ।
ਥਾਣਾ ਥਰਮਲ ਦੇ ਐਸਐਚਓ ਇੰਸਪੈਕਟਰ ਹਰਜੋਤ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੀੜਤ ਧਿਰ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਕੋਚ ਖ਼ਿਲਾਫ਼ ਸਬੰਧਤ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲਾ ਇੱਕ ਨਾਬਾਲਿਗ ਲੜਕੀ ਨਾਲ ਜੁੜਿਆ ਹੋਣ ਕਾਰਨ ਪੁਲਸ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਸ ਦੌਰਾਨ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਅਕੈਡਮੀ ਵਿੱਚ ਸਿਖਲਾਈ ਲੈ ਰਹੇ ਹੋਰ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿੱਚ ਥਾਣੇ ਪਹੁੰਚੇ ਅਤੇ ਕੋਚ ਦੇ ਹੱਕ ਵਿੱਚ ਆਪਣਾ ਪੱਖ ਰੱਖਿਆ। ਮਾਪਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬੱਚੇ ਵੀ ਲੰਬੇ ਸਮੇਂ ਤੋਂ ਉਕਤ ਕੋਚ ਕੋਲੋਂ ਸਿਖਲਾਈ ਲੈ ਰਹੇ ਹਨ, ਪਰ ਅੱਜ ਤੱਕ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ  ਸ਼ਿਕਾਇਤ ਜਾਂ ਸ਼ੱਕੀ ਗਤੀਵਿਧੀ ਬਾਰੇ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਪੂਰੇ ਮਾਮਲੇ ਦੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ।
ਮਾਪਿਆਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਦੀ ਨਿਗਰਾਨੀ ਹੇਠ ਕਰਵਾਈ ਜਾਵੇ, ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਾਂਚ ਦੌਰਾਨ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸੂਤਰਾਂ ਅਨੁਸਾਰ, ਦੋਸ਼ੀ ਕੋਚ ਕਿਸੇ ਹੋਰ ਰਾਜ ਦਾ ਰਹਿਣ ਵਾਲਾ ਹੈ ਅਤੇ ਉਹ ਰਾਸ਼ਟਰੀ ਖੇਡ ਸੰਸਥਾਨ (ਐਨਆਈਐਸ) ਤੋਂ ਸਿਖਲਾਈ ਪ੍ਰਾਪਤ ਕੋਚ ਦੱਸਿਆ ਜਾ ਰਿਹਾ ਹੈ। ਉਸ ਦੀ ਰਹਿਨੁਮਾਈ ਹੇਠ ਸਿਖਲਾਈ ਪ੍ਰਾਪਤ ਕਰ ਚੁੱਕੇ ਕਈ ਖਿਡਾਰੀ ਪੰਜਾਬ ਦੀਆਂ ਵੱਖ-ਵੱਖ ਪੱਧਰ ਦੀਆਂ ਟੀਮਾਂ ਵਿੱਚ ਵੀ ਖੇਡ ਰਹੇ ਹਨ। ਉਧਰ, ਇਸ ਪੂਰੇ ਘਟਨਾਕ੍ਰਮ ਨਾਲ ਜੁੜੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਲੋਕ ਕੋਚ ਨਾਲ ਕਥਿਤ ਤੌਰ 'ਤੇ ਕੁੱਟਮਾਰ ਕਰਦੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਜਾਂਚ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਪੱਖ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 

 


author

Shubam Kumar

Content Editor

Related News