ਦਰੱਖਤ ਨਾਲ ਲਟਕਦੀ ਮਿਲੀ ਅਣਪਛਾਤੀ ਲਾਸ਼
Wednesday, Jun 24, 2026 - 11:25 AM (IST)
ਰਾਮਪੁਰਾ (ਸ਼ੇਖਰ, ਰਜਨੀਸ਼) : ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਤੋਂ ਪਿੰਡ ਜੈਦ ਨੂੰ ਜਾਂਦੀ ਲਿੰਕ ਸੜਕ ’ਤੇ ਡਰੇਨ ਨੇੜੇ ਇਕ ਦਰੱਖਤ ਨਾਲ ਲਟਕਦੀ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਰਾਮਪੁਰਾ ਦੀ ਪੁਲਸ ਅਤੇ ਸਹਾਰਾ ਸਮਾਜ ਸੇਵਾ ਪੰਜਾਬ ਦੀ ਟੀਮ ਮੌਕੇ ’ਤੇ ਪਹੁੰਚੀ। ਸਹਾਰਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਪੁਲਸ ਦੀ ਹਾਜ਼ਰੀ ’ਚ ਲਾਸ਼ ਨੂੰ ਹੇਠਾਂ ਉਤਾਰਿਆ ਗਿਆ। ਮੁੱਢਲੀ ਜਾਂਚ ਮੁਤਾਬਕ 20-25 ਸਾਲਾ ਨੌਜਵਾਨ ਨੇ ਫ਼ਾਹਾ ਲਿਆ ਹੋਇਆ ਸੀ, ਜਿਸ ਨੇ ਟੀ-ਸ਼ਰਟ, ਲੋਅਰ ਅਤੇ ਕਾਲੇ ਬੂਟ-ਜੁਰਾਬਾਂ ਪਹਿਨੀਆਂ ਸਨ। ਮ੍ਰਿਤਕ ਕੋਲੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ ਪਰ ਪੁਲਸ ਨੇ ਮੌਕੇ ਤੋਂ ਕੱਪੜਿਆਂ ਵਾਲਾ ਇਕ ਬੈਗ ਅਤੇ ਮੋਬਾਇਲ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਦਰ ਰਾਮਪੁਰਾ ਪੁਲਸ ਨੇ ਸਹਾਰਾ ਸੰਸਥਾ ਦੇ ਸਹਿਯੋਗ ਨਾਲ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੌਰਚਰੀ ’ਚ 72 ਘੰਟਿਆਂ ਲਈ ਰੱਖਵਾਇਆ ਹੈ। ਪੁਲਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਜਾਣਕਾਰੀ ਹੋਣ ’ਤੇ ਸਹਾਰਾ ਕੰਟਰੋਲ ਰੂਮ ਜਾਂ ਥਾਣਾ ਸਦਰ ਰਾਮਪੁਰਾ ਨਾਲ ਸੰਪਰਕ ਕੀਤਾ ਜਾਵੇ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।
