ਪੰਜਾਬ: ਪਤਨੀ ਨੇ ਆਸ਼ਿਕ ਨਾਲ ਰਲ਼ ਕੇ ਮਾਰ''ਤਾ ਪਤੀ! ਮਾਮੇ ਦੇ ਮੁੰਡੇ ਨਾਲ ਹੀ...
Monday, Jun 29, 2026 - 06:35 PM (IST)
ਮਾਨਸਾ (ਸੰਦੀਪ ਮਿੱਤਲ)- ਮਾਨਸਾ ਪੁਲਸ ਨੇ ਪਿੰਡ ਕੋਟਧਰਮੂ ਵਿਖੇ ਵਾਪਰੇ ਇਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਕੁਝ ਹੀ ਘੰਟਿਆਂ ਵਿਚ ਸੁਲਝਾਉਂਦਿਆਂ ਇਸ ਮਾਮਲੇ ਵਿਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਸ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਤਕ ਪਹੁੰਚ ਬਣਾਈ ਗਈ ਅਤੇ ਮਾਮਲੇ ਦੀਆਂ ਅਹਿਮ ਕੜੀਆਂ ਨੂੰ ਜੋੜ ਕੇ ਕਤਲ ਦੇ ਭੇਤ ਤੋਂ ਪਰਦਾ ਚੁੱਕਿਆ ਗਿਆ।
ਉਨ੍ਹਾਂ ਦੱਸਿਆ ਕਿ 26 ਜੂਨ 2026 ਨੂੰ ਥਾਣਾ ਸਦਰ ਮਾਨਸਾ ਦੇ ਮੁੱਖ ਅਫਸਰ ਇੰਸਪੈਕਟਰ ਜਸਪ੍ਰੀਤ ਸਿੰਘ ਕੋਲ ਪਿੰਡ ਕੋਟਧਰਮੂ ਦੀ ਰਹਿਣ ਵਾਲੀ ਜਗਮੀਤ ਕੌਰ ਪਤਨੀ ਤਰਸੇਮ ਸਿੰਘ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਸ ਦੇ ਪਤੀ ਦਾ ਘਰ ਅੰਦਰ ਹੀ ਕਿਸੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਘਰ ਦੇ ਮੰਜੇ ਉੱਪਰ ਪਈ ਮਿਲੀ ਸੀ। ਇਸ ਬਿਆਨ ਦੇ ਆਧਾਰ ’ਤੇ ਥਾਣਾ ਸਦਰ ਮਾਨਸਾ ’ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੀਨੀਅਰ ਅਧਿਕਾਰੀਆਂ ਦੀਆਂ ਹਦਾਇਤਾਂ ਤਹਿਤ ਡੀ. ਐੱਸ. ਪੀ. ਮਾਨਸਾ ਹਰਜਿੰਦਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ।
ਇਨ੍ਹਾਂ ਟੀਮਾਂ ’ਚ ਸੀ. ਆਈ. ਏ. ਸਟਾਫ ਮਾਨਸਾ ਦੇ ਇੰਚਾਰਜ ਇੰਸਪੈਕਟਰ ਬਲਕੌਰ ਸਿੰਘ, ਥਾਣਾ ਸਦਰ ਮਾਨਸਾ ਦੇ ਮੁੱਖ ਅਫਸਰ ਇੰਸਪੈਕਟਰ ਜਸਪ੍ਰੀਤ ਸਿੰਘ ਅਤੇ ਪੁਲਸ ਚੌਕੀ ਕੋਟਧਰਮੂ ਦੇ ਇੰਚਾਰਜ ਸਬ-ਇੰਸਪੈਕਟਰ ਬਲਜਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਸ਼ਾਮਲ ਸਨ। ਜਾਂਚ ਦੌਰਾਨ ਪੁਲਸ ਨੇ ਮ੍ਰਿਤਕ ਤਰਸੇਮ ਸਿੰਘ ਦੇ ਭਰਾ ਕੁਲਦੀਪ ਸਿੰਘ ਦੇ ਬਿਆਨ ਦਰਜ ਕੀਤੇ। ਕੁਲਦੀਪ ਸਿੰਘ ਨੇ ਆਪਣੇ ਬਿਆਨ ’ਚ ਦੱਸਿਆ ਕਿ ਉਸ ਦੀ ਭਰਜਾਈ ਜਗਮੀਤ ਕੌਰ ਦੇ ਉਸ ਦੇ ਮਾਮੇ ਦੇ ਪੁੱਤਰ ਦੀਪ ਸਿੰਘ ਉਰਫ ਕਾਲੂ ਸਿੰਘ ਵਾਸੀ ਭਾਨ ਸਿੱਧੂ ਬਸਤੀ, ਬੁਢਲਾਡਾ ਨਾਲ ਕਥਿਤ ਤੌਰ ’ਤੇ ਨਾਜਾਇਜ਼ ਸਬੰਧ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਸਬੰਧਾਂ ਨੂੰ ਲੈ ਕੇ ਤਰਸੇਮ ਸਿੰਘ ਅਤੇ ਉਸ ਦੀ ਪਤਨੀ ਵਿਚਕਾਰ ਕਈ ਵਾਰ ਝਗੜੇ ਹੋ ਚੁੱਕੇ ਸਨ।
ਇਸ ਜਾਣਕਾਰੀ ਨੂੰ ਆਧਾਰ ਬਣਾਉਂਦਿਆਂ ਪੁਲਸ ਨੇ ਮਾਮਲੇ ਦੀ ਜਾਂਚ ਹੋਰ ਤੇਜ਼ ਕਰ ਦਿੱਤੀ। ਜਾਂਚ ਦੌਰਾਨ ਮਿਲੇ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਜਗਮੀਤ ਕੌਰ ਅਤੇ ਦੀਪ ਸਿੰਘ ਉਰਫ ਕਾਲੂ ਸਿੰਘ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ। ਇਸ ਦੇ ਨਾਲ ਹੀ ਸਾਜ਼ਿਸ਼ ਰਚ ਕੇ ਕਤਲ ਕਰਨ ਦੇ ਦੋਸ਼ ਹੇਠ ਧਾਰਾ 61(2) ਬੀ. ਐੱਨ. ਐੱਸ. ਵੀ ਮਾਮਲੇ ਵਿਚ ਸ਼ਾਮਲ ਕੀਤੀ ਗਈ। ਅਗਲੇ ਦਿਨ 27 ਜੂਨ ਨੂੰ ਪੁਲਸ ਨੇ ਜਗਮੀਤ ਕੌਰ ਨੂੰ ਉਸ ਦੇ ਘਰ ਤੋਂ ਹਿਰਾਸਤ ਵਿਚ ਲੈ ਲਿਆ। ਪੁੱਛਗਿੱਛ ਦੌਰਾਨ ਉਸ ਦੇ ਕਬਜ਼ੇ ਵਿਚੋਂ ਉਹ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ, ਜਿਸ ਰਾਹੀਂ ਉਹ ਕਥਿਤ ਤੌਰ ’ਤੇ ਦੀਪ ਸਿੰਘ ਨਾਲ ਲਗਾਤਾਰ ਸੰਪਰਕ ਵਿਚ ਰਹਿੰਦੀ ਸੀ। ਇਸ ਤੋਂ ਬਾਅਦ ਦੀਪ ਸਿੰਘ ਉਰਫ ਕਾਲੂ ਸਿੰਘ ਨੂੰ ਵੀ ਕਾਬੂ ਕਰ ਲਿਆ ਗਿਆ।
ਪੁਲਸ ਅਨੁਸਾਰ ਪੁੱਛਗਿੱਛ ਦੌਰਾਨ ਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਕਤਲ ਦੀ ਘਟਨਾ ਵੇਲੇ ਉਸ ਦੇ ਨਾਲ ਗੋਬਿੰਦ ਸਿੰਘ ਪੁੱਤਰ ਸ਼ੇਰਾ ਰਾਮ ਵਾਸੀ ਭਾਨ ਸਿੱਧੂ ਬਸਤੀ, ਬੁਢਲਾਡਾ ਵੀ ਮੌਜੂਦ ਸੀ। ਉਸ ਨੇ ਦੱਸਿਆ ਕਿ ਦੋਵੇਂ ਰਾਤ ਸਮੇਂ ਕੰਧ ਟੱਪ ਕੇ ਤਰਸੇਮ ਸਿੰਘ ਦੇ ਘਰ ਵਿਚ ਦਾਖਲ ਹੋਏ ਅਤੇ ਪਰਨੇ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਖੁਲਾਸੇ ਤੋਂ ਬਾਅਦ ਗੋਬਿੰਦ ਸਿੰਘ ਨੂੰ ਵੀ ਮਾਮਲੇ ਵਿਚ ਨਾਮਜ਼ਦ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਟੀਮਾਂ ਨੇ ਦੀਪ ਸਿੰਘ ਅਤੇ ਗੋਬਿੰਦ ਸਿੰਘ ਨੂੰ ਡਰੇਨ ਪੁਲ ਸਹਾਰਨਾ ਇਲਾਕੇ ਤੋਂ ਗ੍ਰਿਫਤਾਰ ਕੀਤਾ। ਮਾਮਲੇ ਵਿਚ ਹੁਣ ਤਕ ਪਤਨੀ ਜਗਮੀਤ ਕੌਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਸੀਨੀਅਰ ਕਪਤਾਨ ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਤਲ ਸਮੇਂ ਵਰਤਿਆ ਗਿਆ ਪਰਨਾ, ਘਟਨਾ ਵਿਚ ਵਰਤਿਆ ਮੋਟਰਸਾਈਕਲ ਅਤੇ ਦੋਸ਼ੀ ਦੀਪ ਸਿੰਘ ਦਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਜਾਣਾ ਬਾਕੀ ਹੈ। ਪੁਲਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਹੋਰ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆਉਣਗੀਆਂ, ਜਿਸ ਨਾਲ ਮਾਮਲੇ ਦੀ ਜਾਂਚ ਨੂੰ ਹੋਰ ਮਜ਼ਬੂਤੀ ਮਿਲੇਗੀ। ਮਾਨਸਾ ਪੁਲਸ ਦੀ ਇਸ ਤੁਰੰਤ ਕਾਰਵਾਈ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਜਾਰੀ ਰਹੇਗੀ ਅਤੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
