ਬਠਿੰਡਾ 'ਚ ਭਾਜਪਾ ਆਗੂ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ, ਪੂਰੇ ਸ਼ਹਿਰ 'ਚ ਫੈਲੀ ਸਨਸਨੀ (ਵੀਡੀਓ)

Tuesday, Jun 23, 2026 - 10:47 AM (IST)

ਬਠਿੰਡਾ 'ਚ ਭਾਜਪਾ ਆਗੂ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ, ਪੂਰੇ ਸ਼ਹਿਰ 'ਚ ਫੈਲੀ ਸਨਸਨੀ (ਵੀਡੀਓ)

ਬਠਿੰਡਾ (ਵਿਜੈ ਵਰਮਾ) : ਬਠਿੰਡਾ 'ਚ ਸਿਵਲ ਡਿਫੈਂਸ ਦੇ ਚੀਫ਼ ਵਾਰਡਨ ਅਤੇ ਹਾਲ ਹੀ 'ਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਤਰਸੇਮ ਗਰਗ ਦੇ ਘਰ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਬੰਬ ਨਾਲ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਘਰ ਦੇ ਅੰਦਰ ਲੋਬੀ 'ਚ ਅੱਗ ਲੱਗ ਗਈ, ਜਿਸ ਕਾਰਨ ਗਮਲੇ ਅਤੇ ਇੱਕ ਸਕੂਟਰ ਸੜ ਗਏ, ਪਰ ਸਮੇਂ ਸਿਰ ਅੱਗ ਕਾਬੂ 'ਚ ਆ ਜਾਣ ਕਾਰਨ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ। ਘਟਨਾ ਸੋਮਵਾਰ ਰਾਤ ਕਰੀਬ ਪੌਣੇ 10 ਵਜੇ ਦੀ ਦੱਸੀ ਜਾ ਰਹੀ ਹੈ। ਤਰਸੇਮ ਗਰਗ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਮੇਲਾ ਰਾਮ ਰੋਡ ਨੇੜੇ ਸਥਿਤ ਆਪਣੇ ਕਲੀਨਿਕ 'ਚ ਰਹਿ ਰਹੇ ਸਨ, ਪਰ ਹਮਲੇ ਵਾਲੇ ਦਿਨ ਹੀ ਉਹ ਘਰ ਵਾਪਸ ਆਏ ਸਨ। ਇਸ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਪੈਟਰੋਲ ਬੰਬ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਘਰ ਦੇ ਦਫ਼ਤਰ 'ਚ ਰਹਿ ਰਹੇ ਡਰਾਈਵਰ ਅਤੇ ਅਕਾਊਂਟੈਂਟ ਨੇ ਰਾਤ ਕਰੀਬ 10 ਵਜੇ ਉਨ੍ਹਾਂ ਨੂੰ ਹਮਲੇ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ।

ਇਹ ਵੀ ਪੜ੍ਹੋ : ਪੰਜਾਬ : ਗੈਸ ਸਿਲੰਡਰਾਂ ਨੂੰ ਲੈ ਕੇ ਵੱਡੀ ਚਿਤਾਵਨੀ ਜਾਰੀ, ਖ਼ਪਤਕਾਰ ਹੋ ਜਾਣ ਅਲਰਟ! ਬੇਹੱਦ ਸਾਵਧਾਨ ਰਹਿਣ ਦੀ ਲੋੜ

ਸੂਚਨਾ ਮਿਲਦੇ ਹੀ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਨੇ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆਂ ਫਾਰੈਂਸਿਕ ਮਾਹਿਰਾਂ, ਡੌਗ ਸਕੁਐਡ ਅਤੇ ਵੱਖ-ਵੱਖ ਜਾਂਚ ਟੀਮਾਂ ਨੂੰ ਮੌਕੇ 'ਤੇ ਤਾਇਨਾਤ ਕਰ ਦਿੱਤਾ ਹੈ। ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਇਸ ਘਟਨਾ ਨੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕਾਂ 'ਚ ਚਰਚਾ ਹੈ ਕਿ ਜਦੋਂ ਸਿਵਲ ਡਿਫੈਂਸ ਦੇ ਚੀਫ਼ ਵਾਰਡਨ ਵਰਗੇ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਤਾਂ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੁੰਦੇ ਹਨ। ਐੱਸ. ਪੀ. ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਪੁਲਸ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਲਈ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਜਲਦ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਮੋਹਾਲੀ ਦੇ ਡਿੰਪਲ ਕਤਲਕਾਂਡ 'ਚ ਹੁਣ ਤੱਕ ਦਾ ਵੱਡਾ ਖ਼ੁਲਾਸਾ, ਕਤਲ ਲਈ ਆਨਲਾਈਨ ਮੰਗਾਇਆ ਸੀ ਚਾਕੂਆਂ ਦਾ ਸੈੱਟ
ਸਿਆਸੀ ਐਂਗਲ ਵੀ ਚਰਚਾ 'ਚ 
ਤਰਸੇਮ ਗਰਗ ਦੇ ਹਾਲ ਹੀ 'ਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਕਾਰਨ ਇਸ ਹਮਲੇ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਵੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਪੁਲਸ ਨੇ ਹਾਲੇ ਤੱਕ ਕਿਸੇ ਵੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਅਤੇ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e


author

Babita

Content Editor

Related News