ਬੇਕਰੀ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
Monday, Jul 06, 2026 - 05:21 PM (IST)
ਭੀਖੀ (ਤਾਇਲ) : ਸਥਾਨਕ ਗੁਰਦੁਆਰਾ ਰੋਡ ‘ਤੇ ਬੀਤੀ ਅੱਧੀ ਰਾਤ ਨੂੰ ਨਗਰ ਪੰਚਾਇਤ ਦਫ਼ਤਰ ਦੇ ਸਾਹਮਣੇ ਇੱਕ ਬੇਕਰੀ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਚੰਗੀ ਗੱਲ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀ ਹੋਇਆ ਅਤੇ ਅੱਗ ‘ਤੇ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਕਾਬੂ ਪਾਇਆ ਗਿਆ। ਦੁਕਾਨ ਮਾਲਕ ਕੋਮਲ ਸ਼ਰਮਾ ਨੇ ਦੱਸਿਆ ਕਿ ਬੀਤੀ ਅੱਧੀ ਰਾਤ 12 ਵਜੇ ਦੇ ਕਰੀਬ ਦੁਕਾਨ 'ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ, ਜਿਸ ਨਾਲ ਦੁਕਾਨ 'ਚ ਵੱਡੀ ਮਾਤਰਾ 'ਚ ਪਏ ਕੇਕ, ਪੇਸਟਰੀ ਦੇ ਨਾਲ 3 ਡੀਪ ਫਰੀਜ਼ਰ, ਏ. ਸੀ. ਪੱਖੇ, ਮਾਈਕਰੋਵੇਵ ਤੋਂ ਇਲਾਵਾ ਕੇਕ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਅਤੇ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ।
ਉਨਾਂ ਦੱਸਿਆ ਕਿ ਅੱਗ ਲੱਗਣ ਨਾਲ 6 ਲੱਖ ਰੁਪਏ ਦੇ ਕਰੀਬ ਨੁਕਸਾਨ ਹੋ ਗਿਆ। ਉਨ੍ਹਾਂ ਪ੍ਰਸ਼ਾਸਨ ‘ਤੇ ਸ਼ਿਕਵਾ ਕਰਦਿਆਂ ਕਿਹਾ ਕਿ ਬੇਸ਼ੱਕ ਰਾਤ ਨੂੰ ਪੁਲਸ ਅਤੇ ਅੱਗ ਬੁਝਾਊ ਦਫ਼ਤਰ ਦਾ ਅਮਲਾ ਪਹੁੰਚ ਗਿਆ ਸੀ ਪਰ ਅੱਜ ਸਵੇਰੇ ਸੱਤਾਧਾਰੀ ਪਾਰਟੀ ਦਾ ਕੋਈ ਵੀ ਆਗੂ ਅਤੇ ਨਾ ਹੀ ਨਗਰ ਪੰਚਾਇਤ ਦਾ ਪ੍ਰਧਾਨ ਅਤੇ ਕੌਂਸਲਰ ਉਨ੍ਹਾਂ ਦੀ ਸਾਰ ਲੈਣ ਪੁੱਜੇ। ਰਾਤ ਵੀ ਦੁਕਾਨ ਸਾਹਮਣੇ ਨਗਰ ਪੰਚਾਇਤ ਦਫ਼ਤਰ ਦਾ ਦਰਵਾਜਾ ਬੜੀ ਮੁਸ਼ਕਿਲ ਨਾਲ ਖੁੱਲ੍ਹਵਾਇਆ ਗਿਆ। ਇਸ ਮੌਕੇ ਵਪਾਰਕ ਆਗੂ ਰਜਨੀਸ਼ ਸ਼ਰਮਾ, ਭਾਜਪਾ ਆਗੂ ਵਿਵੇਕ ਜੈਨ ਬੱਬੂ, ਪ੍ਰਸ਼ੋਤਮ ਗੋਇਲ ਬਿੱਲੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁਕਾਨਦਾਰ ਬੜੀ ਮੁਸ਼ਕਿਲ ਨਾਲ ਆਪਣਾ ਕਾਰੋਬਾਰ ਚਲਾ ਰਿਹਾ ਸੀ, ਨੂੰ ਤੁਰੰਤ ਵਿੱਤੀ ਮਦਦ ਦਿੱਤੀ ਜਾਵੇ।
