ਭੇਤਭਰੇ ਹਾਲਾਤਾਂ 'ਚ ਵਿਆਹੁਤਾ ਦੀ ਮੌਤ

Thursday, Sep 12, 2019 - 11:28 PM (IST)

ਭੇਤਭਰੇ ਹਾਲਾਤਾਂ 'ਚ ਵਿਆਹੁਤਾ ਦੀ ਮੌਤ

ਤਲਵੰਡੀ ਸਾਬੋ, (ਮੁਨੀਸ਼)— ਪਿੰਡ ਦੇਸੂ ਮਲਕਾਣਾ ਵਿਖੇ ਵਿਆਹੀ ਪਿੰਡ ਲੇਲੇਵਾਲਾ ਦੀ ਲੜਕੀ ਜਸਪ੍ਰੀਤ ਕੌਰ (22 ਸਾਲ) ਪੁੱਤਰੀ ਗੁਰਮੇਲ ਸਿੰਘ ਦੀ ਉਸ ਦੇ ਸਹੁਰੇ ਘਰ 'ਚ ਭੇਤਭਰੇ ਹਾਲਾਤਾਂ 'ਚ ਮੌਤ ਹੋ ਗਈ। ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ 'ਤੇ ਲੜਕੀ ਨੂੰ ਮਾਰਨ ਦੇ ਦੋਸ਼ ਲਾਏ ਹਨ। ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਭਰਾ ਜਗਦੀਪ ਸਿੰਘ ਵਾਸੀ ਲੇਲੇਵਾਲਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਵੱਡੀ ਭੈਣ ਜਸਪ੍ਰੀਤ ਕੌਰ (22 ਸਾਲ) ਦਾ ਵਿਆਹ ਸਾਢੇ ਕੁ ਤਿੰਨ ਸਾਲ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਸਰੋਤਮ ਸਿੰਘ ਵਾਸੀ ਦੇਸੂ ਮਲਕਾਣਾ ਜ਼ਿਲ੍ਹਾ ਸਿਰਸਾ (ਹਰਿਆਣਾ) ਨਾਲ ਹੋਇਆ ਸੀ, ਜਿਸ ਤੋਂ ਬਾਅਦ ਜਸਪ੍ਰੀਤ ਕੌਰ ਦੇ ਘਰ ਇਕ ਬੇਟੀ ਪੈਦਾ ਹੋਈ। ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਜਸਪ੍ਰੀਤ ਕੌਰ ਦਾ ਸਹੁਰਾ ਪਰਿਵਾਰ ਹੋਰ ਦਾਜ ਦੀ ਮੰਗ ਕਰਦਿਆਂ ਜਸਪ੍ਰੀਤ ਕੌਰ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ। ਕਈ ਵਾਰ ਮੋਹਤਬਰਾਂ ਦੀ ਦਖਲਅੰਦਾਜ਼ੀ ਨਾਲ ਮਾਮਲਾ ਠੰਡਾ ਵੀ ਹੁੰਦਾ ਰਿਹਾ। ਇਸ ਦੌਰਾਨ ਉਸਦਾ ਪਿਤਾ ਗੁਰਮੇਲ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਾ ਤੇ ਇਸੇ ਪ੍ਰੇਸ਼ਾਨੀ ਦੇ ਚਲਦੇ ਉਸ ਨੇ ਖੁਦਕੁਸ਼ੀ ਕਰ ਲਈ। ਉਸ ਦੇ ਪਿਤਾ ਦੀ ਮੌਤ ਤੋਂ 6 ਕੁ ਮਹੀਨੇ ਤੱਕ ਸਹੁਰਾ ਪਰਿਵਾਰ ਚੁੱਪ ਰਿਹਾ ਪਰ ਹੁਣ ਫਿਰ ਦਾਜ ਦੀ ਮੰਗ ਨੂੰ ਲੈ ਕੇ ਸਹੁਰਾ ਪਰਿਵਾਰ ਜਸਪ੍ਰੀਤ ਕੌਰ ਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ।

ਜਸਪ੍ਰੀਤ ਕੌਰ ਨੇ ਦੱਸਿਆ ਕਿ ਦਾਜ ਦੀ ਮੰਗ ਨੂੰ ਲੈ ਕੇ ਉਸਦਾ ਸਹੁਰਾ ਸਰੋਤਮ ਸਿੰਘ, ਸੱਸ ਬਲਜੀਤ ਕੌਰ, ਚਾਚਾ ਸਹੁਰਾ ਨਛੱਤਰ ਸਿੰਘ, ਨਣਦਾਂ ਅਮਨਦੀਪ ਕੌਰ ਅਤੇ ਪਰਮਜੀਤ ਕੌਰ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਤੇ ਲੜਦੇ ਰਹਿੰਦੇ ਹਨ। ਬੀਤੀ ਦਿਨੀਂ ਜਸਪ੍ਰੀਤ ਕੌਰ ਦੇ ਸਹੁਰੇ ਪਰਿਵਾਰ ਨੇ ਕਿਸੇ ਤੋਂ ਫੋਨ ਕਰਵਾਇਆ ਤੇ ਦੱਸਿਆ ਕਿ ਜਸਪ੍ਰੀਤ ਦੀ ਹਾਲਤ ਨਾਜ਼ੁਕ ਹੈ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਸਹੁਰਾ ਪਰਿਵਾਰ 'ਤੇ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਨਸ਼ਾ ਸਮੱਗਲਿੰਗ ਦੇ ਦੋਸ਼ 'ਚ ਜੇਲ 'ਚ ਬੰਦ ਹੈ।


author

KamalJeet Singh

Content Editor

Related News