ਕਿਸਾਨ ਅੰਦੋਲਨ ਕਾਰਨ ਕਈ ਟਰੇਨਾਂ ਹੋਈਆਂ ਰੱਦ
Monday, Nov 19, 2018 - 05:31 AM (IST)

ਲੁਧਿਆਣਾ, (ਜ.ਬ.)- ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਫਿਰੋਜ਼ਪੁਰ ਡਵੀਜ਼ਨ ਅਧੀਨ ਰੇਲਵੇ ਟਰੈਕ ’ਤੇ ਦਿੱਤੇ ਗਏ ਧਰਨੇ ਕਾਰਨ ਰੇਲ ਪ੍ਰਸ਼ਾਸਨ ਵਲੋਂ ਕਈ ਟਰੇਨਾਂ ਦਾ ਰੂਟ ਬਦਲ ਦਿੱਤਾ ਗਿਆ। ਕੁੱਝ ਨੂੰ ਮੰਜ਼ਿਲ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਅਤੇ ਕੁੱਝ ਨੂੰ ਰੱਦ ਕਰ ਦਿੱਤਾ ਗਿਆ।
ਕਿਸਾਨਾਂ ਦੇ ਇਸ ਅੰਦੋਲਨ ਕਾਰਨ 25 ਟਰੇਨਾਂ ਰੱਦ, 8 ਟਰੇਨਾਂ ਨੂੰ ਨਿਰਧਾਰਤ ਸਟੇਸ਼ਨਾਂ ਤੋਂ ਪਹਿਲਾਂ ਰੋਕਿਆ ਅਤੇ ਚਲਾਇਆ ਗਿਆ। 17 ਟਰੇਨਾਂ ਦਾ ਰੂਟ ਡਾਇਵਰਟ ਕਰ ਕੇ ਚਲਾਇਆ ਗਿਆ। ਟਰੇਨਾਂ ਰੱਦ ਹੋਣ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਟਰੇਨ ਰੱਦ ਰਹਿਣ ਨਾਲ ਯਾਤਰੀ ਹੋਏ ਪ੍ਰੇਸ਼ਾਨ
ਰੇਲ ਪ੍ਰਸ਼ਾਸਨ ਵਲੋਂ ਟਰੇਨਾਂ ਰੱਦ ਕਰ ਦਿੱਤੇ ਜਾਣ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਐਤਵਾਰ ਸ਼ਾਮ ਤੱਕ ਰੇਲਵੇ ਵਲੋਂ ਟਿਕਟ ਵਾਪਸੀ ਕਰਨ ਆਏ ਯਾਤਰੀਆਂ ਨੂੰ 2 ਲੱਖ ਰੁਪਏ ਦੇ ਲਗਭਗ ਰਿਫੰਡ ਕਰ ਦਿੱਤੇ ਜਾਣ ਦੇ ਬਾਵਜੂਦ ਵੀ ਉਪ ਸਟੇਸ਼ਨ ਨਿਰਦੇਸ਼ਕ ਦਫਤਰ ’ਚ ਯਾਤਰੀ ਟਿਕਟ ਰਿਫੰਡ ਲਈ ਪ੍ਰੇਸ਼ਾਨੀ ਕਾਰਨ ਰੌਲਾ ਪਾਉਂਦੇ ਦਿਖਾਈ ਦਿੱਤੇ। ਦੂਜੇ ਪਾਸੇ ਕਈ ਯਾਤਰੀਆਂ ਨੇ ਆਪਣੀ ਮੰਜ਼ਿਲ ਤੱਕ ਪੁੱਜਣ ਲਈ ਟੈਕਸੀ ਜਾਂ ਬੱਸ ਦਾ ਸਹਾਰਾ ਲਿਆ।