ਪਾਲੀ ਕਤਲਕਾਂਡ : ਦੋਸ਼ੀਆਂ ਨੂੰ ਅੱਜ ਸੁਣਾਈ ਜਾਏਗੀ ਸਜ਼ਾ

11/30/2019 12:21:08 PM

ਮਾਨਸਾ : ਮਾਨਸਾ ਜ਼ਿਲੇ ਦੇ ਪਿੰਡ ਘਰਾਂਗਨਾ ਵਿਚ ਨੌਜਵਾਨ ਸੁਖਚੈਨ ਸਿੰਘ ਉਰਫ ਪਾਲੀ ਦਾ ਸ਼ਰਾਬ ਦੀ ਤਸਕਰੀ ਦੀ ਸੂਚਨਾ ਪੁਲਸ ਨੂੰ ਦੇਣ ਦੇ ਸ਼ੱਕ ਵਿਚ ਸ਼ਰਾਬ ਮਾਫੀਆਂ ਵੱਲੋਂ 10 ਅਕਤੂਬਰ 2016 ਨੂੰ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿਚ ਸ਼ੁੱਕਰਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਦਿਨੇਸ਼ ਕੁਮਾਰ ਦੀ ਅਦਾਲਤ ਵਿਚ ਸੁਣਵਾਈ ਹੋਈ। ਅਦਾਲਤ ਨੇ ਮਾਮਲੇ ਦੇ ਸਾਰੇ 6 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ, ਜਦਕਿ ਸਜ਼ਾ ਸ਼ਨੀਵਾਰ ਭਾਵ ਅੱਜ ਸੁਣਾਈ ਜਾਏਗੀ।

ਇਨ੍ਹਾਂ ਦੋਸ਼ੀਆਂ ਵਿਚ ਪਾਲੀ ਦੇ ਆਪਣੀ ਹੀ ਪਿੰਡ ਦੇ 4 ਲੋਕ ਹਨ। ਇਨ੍ਹਾਂ ਵਿਚ ਹਰਦੀਪ ਸਿੰਘ, ਅਮਨਦੀਪ ਸਿੰਘ, ਬਲਵੀਰ ਸਿੰਘ ਉਰਫ ਕਾਲਾ ਅਤੇ ਸਾਧੂ ਸਿੰਘ ਸ਼ਾਮਲ ਹੈ, ਜਦਕਿ ਦੋ ਦੋਸ਼ੀ ਬਵਰੀਤ ਸਿੰਘ ਉਰਫ ਬਿੱਟੂ ਨੰਗਲ ਖੁਰਦ ਅਤੇ ਸੀਤਾ ਸਿੰਘ ਮਾਖਾ ਪਿੰਡ ਨਾਲ ਸਬੰਧਤ ਹਨ। ਐਡਵੋਕੇਟ ਜਸਵੰਤ ਸਿੰਘ ਗ੍ਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਦੋਸ਼ੀ ਮੰਨਿਆ ਹੈ। ਸ਼ਨੀਵਾਰ ਨੂੰ ਪਤਾ ਲੱਗੇਗਾ ਕਿ ਦੋਸ਼ੀਆਂ ਨੂੰ ਕੀ ਸਜ਼ਾ ਸੁਣਾਈ ਜਾਏਗੀ।

ਇਹ ਸੀ ਮਾਮਲਾ
ਮਾਨਸਾ ਜ਼ਿਲੇ ਦੇ ਪਿੰਡ ਘਰਾਂਗਨਾ ਵਾਸੀ ਮ੍ਰਿਤਕ ਸੁਖਚੈਨ ਸਿੰਘ ਉਰਫ ਪਾਲੀ ਦੇ ਪਿਤਾ ਰੇਸ਼ਮ ਸਿੰਘ ਨੇ ਕੋਟਧਰਮੂ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਨ੍ਹਾਂ ਦਾ ਬੇਟਾ 10 ਅਕਤੂਬਰ 2016 ਦੀ ਸਵੇਰ ਨੂੰ ਘਰੋਂ ਬਾਹਰ ਗਿਆ ਸੀ। ਦੇਰ ਤੱਕ ਵਾਪਸ ਨਾ ਪਰਤਣ 'ਤੇ ਉਹ ਉਸ ਦਾ ਇੰਤਜ਼ਾਰ ਕਰ ਰਹੇ ਸਨ। ਇੰਨੇ ਵਿਚ ਉਨ੍ਹਾਂ ਕੋਲ ਇਕ ਗੱਡੀ ਆ ਕੇ ਰੁੱਕੀ ਸੀ। ਇਸ ਗੱਡੀ ਵਿਚ ਉਸ ਸਮੇਂ 6 ਲੋਕ ਸਵਾਰ ਸਨ ਜੋ ਕਿ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨਾਲ ਉਨ੍ਹਾਂ ਦਾ ਬੇਟਾ ਸੁਖਚੈਨ ਸਿੰਘ ਉਰਫ ਪਾਲੀ ਵੀ ਬੈਠਾ ਸੀ। ਇਸ ਦੌਰਾਨ ਬਲਵੀਰ ਸਿੰਘ ਉਰਫ ਕਾਲਾ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਪਾਲੀ ਹੁਣ ਨਹੀਂ ਬਚੇਗਾ ਅਤੇ ਸਾਰੇ 6 ਦੋਸ਼ੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਜਦੋਂ ਉਨ੍ਹਾਂ ਨੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ। ਫਿਰ ਪਾਲੀ ਨੂੰ ਘੜੀਸਦੇ ਹੋਏ ਦੋਸ਼ੀ ਉਸ ਨੂੰ ਗਲੀ ਵਿਚ ਖਾਲੀ ਪਏ ਪਲਾਟ ਵਿਚ ਲੈ ਗਏ ਅਤੇ ਉਸ ਦਾ ਕਤਲ ਕਰ ਦਿੱਤਾ।


cherry

Content Editor

Related News