ਪਰਾਲੀ ਨਾ ਸਾੜਨ ਦੇ ਮਾਮਲੇ ਨੂੰ ਲੈ ਕੇ ਦੇਸ਼ 'ਚੋਂ ਪਹਿਲਾ ਜ਼ਿਲਾ ਬਣਿਆ ਮਾਨਸਾ

04/22/2020 9:29:34 PM

ਮਾਨਸਾ, (ਸੰਦੀਪ ਮਿੱਤਲ)- ਸਮੁੱਚੇ ਭਾਰਤ ਦੇਸ਼ 'ਚੋਂ ਮਾਨਸਾ ਜ਼ਿਲਾ ਸਭ ਤੋਂ ਮੋਹਰੀ ਹੋ ਕੇ ਉੱਭਰ ਰਿਹਾ ਹੈ। ਜਿਸ ਨੇ ਪਰਾਲੀ ਨਾ ਸਾੜਨ ਦਾ ਫੈਸਲਾ ਕੀਤਾ ਹੈ। ਜਿਸ ਤਹਿਤ ਹੁਣ ਕਿਸਾਨ ਅਤੇ ਸਿਆਸੀ ਧਿਰਾਂ ਇਕੱਠੇ ਹੋ ਕੇ ਪ੍ਰਦੂਸ਼ਣ ਖਿਲਾਫ਼ ਹੱਲਾ ਬੋਲਣਗੀਆਂ। ਇਸ ਸਬੰਧੀ ਜ਼ਿਲਾ ਪੁਲਸ ਮੁੱਖੀ ਡਾ. ਨਰਿੰਦਰ ਭਾਰਗਵ ਦੀ ਮਿਹਨਤ ਉਸ ਸਮੇਂ ਰੰਗ ਲਿਆਈ, ਜਦੋਂ ਉਨ੍ਹਾਂ ਵਲੋਂ ਵੱਖ ਵੱਖ ਧਿਰਾਂ ਦੀ ਬੁਲਾਈ ਮੀਟਿੰਗ 'ਚ ਇਸ ਸਬੰਧੀ ਸਭਨਾਂ ਨੇ ਇਕਸੁਰ ਹੋ ਕੇ ਪਰਾਲੀ ਨਾ ਸਾੜਨ ਦਾ ਫੈਸਲਾ ਕੀਤਾ ਹੈ।  ਅੱਜ ਇੱਥੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਸੱਦਾ ਦਿੱਤਾ ਹੈ ਕਿ ਉਹ ਕੋਰੋਨਾ ਵਾਇਰਸ ਦੀ ਬੀਮਾਰੀ ਦੇ ਚੱਲਦਿਆਂ ਨਾੜ ਨੂੰ ਅੱਗ ਨਾ ਲਾ ਕੇ ਜ਼ਿਲੇ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ, ਕਿਉਂਕਿ ਅਸੀਂ ਦੇਸ਼ ਭਰ ਵਿਚ ਪਹਿਲਾਂ ਹੀ ਇਕ ਮਹਾਂਮਾਰੀ ਨਾਮੀ ਬੀਮਾਰੀ ਦਾ ਸਾਹਮਣਾ ਕਰ ਰਹੇ ਹਨ ਤੇ ਕਿਸਾਨ ਸਾਥੀ ਇਸ ਵਿਚ ਪੂਰਨ ਸਹਿਯੋਗ ਕਰਨ। ਉਨ੍ਹਾਂ ਦੇ ਇਸ ਸੱਦੇ ਨੂੰ ਕਿਸਾਨਾਂ ਨੇ ਸਵੀਕਾਰ ਕਰਦਿਆਂ ਪ੍ਰਣ ਕੀਤਾ ਹੈ ਕਿ ਉਹ ਆਪਣੀ ਫਸਲ ਦੀ ਨਾੜ ਨਾ ਸਾੜਣਗੇ ਤੇ ਨਾ ਹੀ ਇਸ ਤਰ੍ਹਾਂ ਹੋਰਨਾਂ ਕਿਸਾਨ ਵੀਰਾਂ ਨੂੰ ਕਰਨ ਦੇਣਗੇ। ਡਾ. ਭਾਰਗਵ ਨੇ ਦਾਅਵਾ ਕੀਤਾ ਕਿ ਕਿਸਾਨ ਦੀ ਇਸ ਕੋਸ਼ਿਸ਼ ਨਾਲ ਆਉਂਦੇ ਦਿਨਾਂ ਵਿਚ ਜ਼ਿਲਾ ਮਾਨਸਾ ਨਾੜ ਨਾ ਸਾੜਣ ਵਾਲਾ ਪੰਜਾਬ 'ਚੋਂ ਹੀ ਨਹੀਂ, ਬਲਕਿ ਭਾਰਤ ਵਿਚੋਂ ਪਹਿਲਾਂ ਜ਼ਿਲਾ ਅਖਵਾਏਗਾ। ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਅੱਜ ਕਿਸਾਨ ਧਿਰਾਂ, ਜਥੇਬੰਦੀਆਂ, ਸੰਗਠਨਾਂ, ਸੰਸਥਾਵਾਂ, ਸਿਆਸੀ ਪਾਰਟੀਆਂ, ਪੰਚਾਂ-ਸਰਪੰਚਾਂ ਆਦਿ ਨਾਲ ਮੀਟਿੰਗ ਕਰਕੇ ਇਸ ਦੇ ਗੰਭੀਰ ਵਿਚਾਰਾਂ ਕੀਤੀਆਂ ਤੇ ਨਾੜ ਸਾੜਣ ਨਾਲ ਹੋਣ ਵਾਲੇ ਸੰਭਾਵੀਂ ਨੁਕਸਾਨ ਤੇ ਚਿੰਤਾ ਵੀ ਪ੍ਰਗਟਾਈ।
ਮੀਟਿੰਗ ਦੌਰਾਨ ਮੌਜੂਦ ਪਤਵੰਤਿਆਂ ਨੇ ਇਹ ਵਾਅਦਾ ਕੀਤਾ ਕਿ ਉਹ ਅੱਜ ਤੋਂ ਹੀ ਇਹ ਧਾਰਨਾ ਤੇ ਸੂਚਨਾ ਗੁਰੂਦੁਆਰਾ ਸਾਹਿਬ, ਪੰਚਾਇਤਾਂ ਅਤੇ ਸੱਥਾਂ ਵਿਚ ਅਨਾਉਂਸਮੈਂਟ ਕਰਵਾਉਣਗੇ ਕਿ ਕੋਈ ਵੀ ਕਿਸਾਨ ਫਸਲ ਦੀ ਨਾੜ ਨਾ ਸਾੜੇ ਤੇ ਜੇਕਰ ਕੋਈ ਕਿਸਾਨ ਨਾੜ ਸਾੜੇਗਾ ਤਾਂ ਉਸ ਨੂੰ ਮੌਕੇ ਤੇ ਜਾ ਕੇ ਸਮਝਾਇਆ ਜਾਵੇਗਾ। ਐਸਐਸਪੀ ਮਾਨਸਾ ਨਾਲ ਇਸ ਸਾਂਝੀ ਮੀਟਿੰਗ ਵਿਚ ਸੱਤਾਧਾਰੀ ਕਾਂਗਰਸ ਪਾਰਟੀ, ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਕਾਦੀਆ, ਅਕਾਲੀ ਦਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸੀਪੀਆਈ, ਲਿਬਰੇਸ਼ਨ, ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਪੰਚ ਸਰਪੰਚ ਆਦਿ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਲੂ'ਚ ਪੁੱਜੇ ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਦੀ ਫਸਲ ਦੀ ਨਾੜ ਨੂੰ ਅੱਗ ਨਾ ਲਾਉਣ, ਕਿਉਂਕਿ ਇਸ ਤਰ੍ਹਾਂ ਅਸੀਂ ਪ੍ਰਦੂਸ਼ਣ ਦੀ ਮਾਰ ਤੋਂ ਬਚਾਂਗੇ ਅਤੇ ਇਸ ਨਾਲ ਵਾਤਾਵਰਣ ਸ਼ੁੱਧ ਬਣੇਗਾ ਤੇ ਅਸੀਂ ਜਾਨਲੇਵਾ ਬੀਮਾਰੀ ਦੀ ਗ੍ਰਿਫਤ 'ਚ ਆਉਣ ਤੋਂ ਬਚਾਂਗੇ। ਇਸ ਦੌਰਾਨ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਨੇ ਕਿਸਾਨਾਂ ਲਈ ਜਾਗਰੂਕਤਾ ਮੁਹਿੰਮ ਵਿੱਢੀ ਹੈ ਤੇ ਇਸ ਵਾਸਤੇ ਉਹ ਆਪਣੇ ਤਰਫੋਂ ਪਿੰਡਾਂ ਦੀ ਪੰਚਾਇਤਾਂ ਨੂੰ ਵੀ ਕਹਿਣਗੇ ਕਿ ਉਹ ਕਿਸਾਨਾਂ ਨੂੰ ਇਸ ਵਾਸਤੇ ਪ੍ਰੇਰਿਤ ਕਰਨ। ਇਸ ਮੌਕੇ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਪ੍ਰਧਾਨ ਪੰਚਾਇਤ ਯੂਨੀਅਨ ਮਾਨਸਾ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।


Bharat Thapa

Content Editor

Related News