ਸਕੂਲੀ ਬੱਸਾਂ ''ਚ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਸਬੰਧੀ ਐੱਸ. ਡੀ. ਐੱਮ. ਵੱਲੋਂ ਚੈਕਿੰਗ

02/18/2020 9:39:45 AM

ਮਾਨਸਾ (ਸੰਦੀਪ ਮਿੱਤਲ, ਅਮਰਜੀਤ) : ਸਕੂਲੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਾਨਸਾ ਦੇ ਸਥਾਨਕ ਬੱਚਤ ਭਵਨ ਵਿਖੇ ਐੱਸ. ਡੀ. ਐੱਮ. ਮਾਨਸਾ ਸਰਬਜੀਤ ਕੌਰ ਵੱਲੋਂ ਮਾਨਸਾ ਸਬ-ਡਵੀਜ਼ਨ ਦੇ ਸਮੂਹ ਸਕੂਲਾਂ ਨਾਲ ਸੇਫ ਸਕੂਲ ਵਾਹਨ ਸਕੀਮ ਸਬੰਧੀ ਇਕ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰੇਕ ਸਕੂਲ ਬੱਸ 'ਚ ਲੋੜੀਂਦੇ ਸਾਧਨ ਉਪਲਬਧ ਹੋਣੇ ਚਾਹੀਦੇ ਹਨ।

ਮੀਟਿੰਗ ਦੌਰਾਨ ਐੱਸ. ਡੀ. ਐੱਮ. ਨੇ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਪ੍ਰਿੰਸੀਪਲਾਂ ਅਤੇ ਸਕੂਲ ਦੇ ਨੁਮਾਇੰਦਿਆਂ ਤੋਂ ਸਕੂਲ 'ਚ ਬੱਚਿਆਂ ਅਤੇ ਬੱਸਾਂ ਦੀ ਗਿਣਤੀ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਬੱਸਾਂ ਸਕੂਲ ਦੀਆਂ ਹੋਣ ਜਾਂ ਫਿਰ ਪ੍ਰਾਈਵੇਟ ਤੌਰ 'ਤੇ ਹਾਇਰ ਕੀਤੀਆਂ ਹੋਣ ਉਨ੍ਹਾਂ 'ਚ ਆਉਣ-ਜਾਣ ਵਾਲੇ ਬੱਚਿਆਂ ਦੀ ਜ਼ਿੰਮੇਵਾਰੀ ਸਿੱਧੇ ਤੌਰ 'ਤੇ ਸਕੂਲ ਪ੍ਰਬੰਧਕਾਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜੋ ਬੱਸਾਂ ਬਾਹਰੋਂ ਹਾਇਰ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਸਬੰਧੀ ਵੀ ਸਕੂਲ ਅਥਾਰਟੀ ਕੋਲ ਲਿਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਜ਼ਿਲਾ ਸਿੱਖਿਆ ਦਫ਼ਤਰ ਵਿਖੇ ਉਨ੍ਹਾਂ ਸਬੰਧੀ ਮੁਕੰਮਲ ਵੇਰਵਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਕੂਲਾਂ 'ਚ ਲਿਜਾਣ ਅਤੇ ਛੱਡਣ ਵਾਲੀਆਂ ਬੱਸਾਂ ਕੋਲ ਪਰਮਿਟ ਹੋਣਾ ਲਾਜ਼ਮੀ ਹੈ। ਐੱਸ. ਡੀ. ਐੱਮ. ਨੇ ਸਕੂਲਾਂ ਨੂੰ ਹਦਾਇਤ ਕੀਤੀ ਕਿ ਬੱਸ ਦੀ ਸਮਰੱਥਾ, ਰੰਗ, ਫਿਟਨੈਸ ਸਰਟੀਫਿਕੇਟ ਆਦਿ ਸਬੰਧੀ ਜੋ ਨਿਰਧਾਰਿਤ ਪ੍ਰੋਫਾਰਮਾ ਹੈ ਉਹ ਤੁਰੰਤ ਭਰ ਕੇ ਜ਼ਿਲਾ ਸਿੱਖਿਆ ਦਫ਼ਤਰ ਵਿਖੇ ਜਮ੍ਹਾ ਕਰਵਾਇਆ ਜਾਵੇ। ਇਸ ਉਪਰੰਤ ਐੱਸ. ਡੀ. ਐੱਮ. ਵੱਲੋਂ ਵੱਖ-ਵੱਖ ਸਕੂਲਾਂ ਦੀਆਂ ਵੈਨਾਂ/ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਜਿਸ ਸਕੂਲ ਵੈਨ/ਬੱਸ 'ਚ ਖਾਮੀਆਂ ਪਾਈਆਂ ਗਈਆਂ ਜਾਂ ਦਸਤਾਵੇਜ਼ਾਂ ਦੀ ਘਾਟ ਪਾਈ ਗਈ, ਉਨ੍ਹਾਂ ਦੇ ਚਲਾਨ ਕੀਤੇ ਗਏ।

ਇਸ ਮੌਕੇ ਉਪ-ਜ਼ਿਲਾ ਸਿੱਖਿਆ ਅਫ਼ਸਰ (ਸ) ਜਗਰੂਪ ਭਾਰਤੀ, ਜ਼ਿਲਾ ਗਾਈਡੈਂਸ ਕਾਊਂਸਲਰ ਨਰਿੰਦਰ ਮੋਹਲ ਅਤੇ ਅਜੀਤ ਸਿੰਘ ਠਾਕੁਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਨੁਮਾਇੰਦੇ ਹਾਜ਼ਰ ਸਨ।


cherry

Content Editor

Related News