ਮਾਲੇਰਕੋਟਲਾ 'ਚ ਰਾਮਲੀਲਾ ਕਲਾਕਾਰ ਦੀ 'ਮੰਜ਼ਿਲ ਕਹਾਂ' ਗਾਉਂਦੇ ਹੀ ਹੋਈ ਮੌਤ (ਵੀਡੀਓ)

09/30/2019 2:41:26 PM

ਮਾਲੇਰਕੋਟਲਾ (ਜ਼ਹੂਰ, ਸ਼ਹਾਬੂਦੀਨ) : ਜੀਵਨ ਦਾ ਆਖਰੀ ਸਮਾਂ ਕਦੋਂ ਅਤੇ ਕਿਥੇ ਆ ਜਾਵੇ, ਕਿਸੇ ਨੂੰ ਕੁੱਝ ਪਤਾ ਨਹੀਂ, ਇਸ ਗੱਲ 'ਚ ਪੂਰਨ ਸੱਚਾਈ ਹੈ। ਇੰਜ ਹੀ ਹੋਇਆ ਸਥਾਨਕ ਸੂਦਾਂ ਮੁਹੱਲੇ ਦੇ ਨਿਵਾਸੀ ਰਾਜੂ ਰਿਖੀ ਨਾਲ ਜੋ ਸ਼੍ਰੀ ਰਾਮਲੀਲਾ ਸੰਕੀਰਤਨ ਮੰਡਲ, ਮੁਹੱਲਾ ਤਪਾ (ਰਾਮਲੀਲਾ ਕਮੇਟੀ) ਦਾ ਬਹੁਤ ਹੀ ਪ੍ਰਸਿੱਧ ਅਤੇ ਲੋਕਾਂ ਦਾ ਹਰਮਨ ਪਿਆਰਾ ਕਲਾਕਾਰ ਸੀ।

ਬੀਤੀ ਰਾਤ ਰਾਜੂ ਰਿਖੀ (55) ਜਦੋਂ ਕਰੀਬ 12 ਵਜੇ ਰਾਮਲੀਲਾ ਦੀ ਸਟੇਜ 'ਤੇ 'ਮੇਰਾ ਜੂਤਾ ਹੈ ਜਾਪਾਨੀ, ਯੇ ਪਤਲੂਨ ਹਿੰਦੁਸਤਾਨੀ' ਗਾਣੇ 'ਤੇ ਡਾਂਸ ਅਤੇ ਐਕਟਿੰਗ ਕਰ ਰਿਹਾ ਸੀ ਤਾਂ ਐਕਟਿੰਗ ਕਰਦਾ-ਕਰਦਾ ਸਟੇਜ ਤੋਂ ਉੱਤਰ ਕੇ ਲੋਕਾਂ 'ਚ ਆ ਗਿਆ ਅਤੇ ਜਿਉਂ ਹੀ ਗਾਣੇ ਦੇ ਸ਼ਬਦ ''ਮੰਜ਼ਿਲ ਕਹਾਂ-ਕਹਾਂ ਰੁਕਨਾ ਹੈ ਊਪਰ ਵਾਲਾ ਜਾਨੇ'' ਪਲੇਅ ਬੈਕ 'ਤੇ ਗਾਏ ਜਾ ਰਹੇ ਸਨ ਤਾਂ ਸਟੇਜ ਵੱਲ ਮੁੜਦੇ ਹੀ ਉਹ ਲੋਕਾਂ 'ਚ ਡਿੱਗ ਗਿਆ, ਲੋਕ ਉਸ ਦੀ ਐਕਟਿੰਗ ਦੀ ਵੀਡੀਓ ਬਣਾਉਂਦੇ ਰਹੇ ਅਤੇ ਇਹੀ ਸਮਝਦੇ ਰਹੇ ਕਿ ਉਹ ਐਕਟਿੰਗ ਕਰ ਰਿਹਾ ਹੈ। ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੀ ਮੌਤ ਇੰਝ ਆਵੇਗੀ। ਜਦੋਂ ਉਹ ਨਾ ਉੱਠਿਆ ਤਾਂ ਉਸ ਨੂੰ ਲੋਕਾਂ ਨੇ ਹਿਲਾਇਆ ਅਤੇ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠ ਸਕਿਆ। ਤੁਰੰਤ ਕਮੇਟੀ ਮੈਂਬਰਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਜ਼ਿਕਰਯੋਗ ਹੈ ਕਿ ਰਾਜੂ ਰਿਖੀ ਰਾਮਲੀਲਾ ਕਮੇਟੀ ਦਾ ਹਰਮਨ ਪਿਆਰਾ ਐਕਟਰ ਸੀ ਅਤੇ ਬਹੁਤੇ ਲੋਕ ਉਸ ਦੀ ਐਕਟਿੰਗ ਹੀ ਵੇਖਣ ਆਉਂਦੇ ਸਨ। ਰਾਜੂ ਰਿਖੀ ਆਪਣੇ ਪਿੱਛੇ ਤਿੰਨ ਲੜਕੇ ਅਤੇ ਇਕ ਲੜਕੀ ਛੱਡ ਗਿਆ ਹੈ। ਅੱਜ ਉਸ ਦੀ ਅੰਤਿਮ ਯਾਤਰਾ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ।


cherry

Content Editor

Related News