ਮੁੱਖ ਮੁਲਜ਼ਮ ਸਰਬਜੀਤ ਬਡ਼ੋਂਗਾ ਅੜਿੱਕੇ, ਪਹਿਲਾਂ ਵੀ ਦਰਜ ਹਨ 15 ਮਾਮਲੇ

01/23/2019 7:01:11 AM

ਫਿਲੌਰ, (ਭਟਿਆਰਾ)- ਚਾਰ ਮਹੀਨੇ ਪਹਿਲਾਂ ਅੱਪਰਾ ਵਿਖੇ ਬਸਪਾ ਆਗੂ ਰਾਮ ਸਰੂਪ ਪੁੱਤਰ ਨੰਦ ਲਾਲ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਨੂੰ ਅੰਜਾਮ ਦੇਣ ਵਾਲੇ ਮਾਸਟਰ ਮਾਈਂਡ ਸਰਬਜੀਤ ਸਿੰਘ ਉਰਫ (ਬਡ਼ੋਂਗਾ) ਪੁੱਤਰ ਸ਼ਿੰਗਾਰਾ ਰਾਮ ਵਾਸੀ ਇੰਦਰਾ ਕਾਲੋਨੀ ਅੱਪਰਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਕਤਲ ਕੇਸ ਵਿਚ ਹਮਲਾਵਰਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਬਸਪਾ ਆਗੂਅਾਂ ਨੇ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਸੀ, ਜਿਸ ਕਾਰਨ ਪੁਲਸ ਨੇ ਪਹਿਲਾਂ ਕੁਝ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਬਡ਼ੋਂਗਾ ਹਾਲੇ ਵੀ ਪੁਲਸ ਦੀ ਪਕਡ਼ ਤੋਂ ਬਾਹਰ ਸੀ, ਜੋ ਕਿ ਪੁਲਸ ਲਈ ਵੱਡੀ ਸਰਦਰਦੀ ਬਣਿਆ ਹੋਇਆ ਸੀ। ਸੋਮਵਾਰ ਨੂੰ ਪੁਲਸ ਨੇ ਰਾਮ ਸਰੂਪ ਕਤਲ ਕੇਸ ਵਿਚ ਸਰਬਜੀਤ ਸਿੰਘ (ਬਡ਼ੋਂਗਾ) ਨੂੰ ਗ੍ਰਿਫਤਾਰ ਕਰ ਲਿਆ ਹੈ। 
ਡੀ. ਐੱਸ. ਪੀ. ਦਫਤਰ ਫਿਲੌਰ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੋਮਵਾਰ ਨੂੰ ਪੁਲਸ ਨੇ ਬੱਸ ਅੱਡਾ ਲਸਾਡ਼ਾ ਤੋਂ ਬਡ਼ੋਂਗਾ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਬਡ਼ੋਂਗਾ ਦੀ ਭਾਲ ’ਚ ਮੁੰਬਈ, ਮੇਰਠ ਤੇ ਹੋਰਨਾਂ ਸੂਬਿਅਾਂ ’ਚ ਵੀ ਛਾਪੇਮਾਰੀ ਕੀਤੀ ਸੀ ਪਰ ਬਡ਼ੋਂਗਾ ਬਚ ਕੇ ਨਿਕਲ ਜਾਂਦਾ ਸੀ। ਮਾਮਲੇ ਸਬੰਧੀ ਉਨ੍ਹਾਂ ਦੱਸਿਆ ਕਿ ਬਡ਼ੋਂਗਾ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਹੈ ਕਿ ਉਹ ਛੋਟੀ ਉਮਰ ਤੋਂ ਹੀ ਮਾਡ਼ੇ ਅਨਸਰਾਂ ਨਾਲ ਮਿਲ ਕੇ ਲਡ਼ਾਈਅਾਂ-ਝਗਡ਼ੇ ਕਰਦਾ ਆ ਰਿਹਾ ਹੈ। ਸਾਲ 2007 ਵਿਚ ਉਸ ਦੀ ਰਾਮ ਸਰੂਪ ਨਾਲ ਲਡ਼ਾਈ ਹੋਈ ਸੀ, ਉਸ ਸਮੇਂ ਵੀ ਉਸ ਨੇ ਅਾਪਣੇ ਸਾਥੀਆਂ ਨਾਲ ਮਿਲ ਕੇ ਰਾਮ ਸਰੂਪ ਦੀ ਕੁੱਟ-ਮਾਰ ਕੀਤੀ ਸੀ ਅਤੇ 3 ਸਾਲ ਪਹਿਲਾਂ ਵੀ ਝਡ਼ਪ ਹੋਈ ਸੀ। ਪੁਰਾਣੀ ਰੰਜਿਸ਼ ਕਾਰਨ 25 ਸਤੰਬਰ 2018 ਨੂੰ ਬਡ਼ੋਂਗਾ ਨੇ ਅਾਪਣੇ ਸਾਥੀਆਂ ਗੁਰਪ੍ਰੀਤ ਸਿੰਘ ਵਾਸੀ  ਲਸਾਡ਼ਾ, ਗੁਰਜਿੰਦਰ ਸਿੰਘ ਵਾਸੀ ਪਿੰਡ ਲਾਦਡ਼ਾ, ਰਣਜੀਤ ਸਿੰਘ ਉਰਫ (ਜੀਤਾ) ਵਾਸੀ ਪਿੰਡ ਤੋਹਿੰਗ, ਹਰਜਿੰਦਰ ਪਾਲ ਉਰਫ (ਹਨੀ) ਵਾਸੀ ਪਿੰਡ ਲਾਦਡ਼ਾ, ਮੰਗਲ ਰਾਮ ਉਰਫ (ਜੌਨੀ) ਵਾਸੀ ਮਾਛੀਵਾਡ਼ਾ, ਧਰਮਿੰਦਰ ਸਿੰਘ ਉਰਫ (ਬਿੰਦਾ) ਵਾਸੀ ਪਿੰਡ ਕਨੈਲ ਹੁਸ਼ਿਆਰਪੁਰ, ਰਵੀ ਕੁਮਾਰ ਵਾਸੀ ਪਿੰਡ ਖੋਜਾਬੇਟ, ਗੁਰਪ੍ਰੀਤ ਸਿੰਘ ਉਰਫ (ਗੋਪੀ) ਵਾਸੀ ਨਵਾਂਸ਼ਹਿਰ, ਨੀਰਜ ਕੁਮਾਰ ਵਾਸੀ ਗੜ੍ਹਸ਼ੰਕਰ, ਅਨਿਲ ਕੁਮਾਰ ਉਰਫ (ਨੀਲੂ) ਵਾਸੀ ਪਿੰਡ ਕਲੇਰਾਂ ਨਾਲ ਮਿਲ ਕੇ ਰਾਮ ਸਰੂਪ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਖੁਦ ਫਰਾਰ ਹੋ ਗਏ ਸਨ। 
ਉਨ੍ਹਾਂ ਦੱਸਿਆ ਕਿ ਪੁਲਸ ਨੇ 302, 120 ਬੀ ਤੇ 25/27 ਅਸਲਾ ਐਕਟ ਅਧੀਨ ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 279 ਦਰਜ ਕਰ ਕੇ  ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਇਸ ਕੇਸ ਵਿਚ 7 ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਬਡ਼ੋਂਗਾ ਉਪਰ ਵੱਖ-ਵੱਖ ਮਸਲਿਆਂ ਦੇ 15 ਕੇਸ  ਦਰਜ ਹਨ, ਜਿਨ੍ਹਾਂ ’ਚੋਂ ਤਿੰਨ ਮੁਕੱਦਮਿਆਂ ’ਚ ਉਹ ਭਗੌੜਾ ਵੀ ਹੈ। ਇਸ ਮੌਕੇ ਬਲਕਾਰ ਸਿੰਘ ਐੱਸ. ਪੀ. ਡੀ., ਲਖਵੀਰ ਸਿੰਘ ਡੀ. ਐੱਸ. ਪੀ., ਅਮਰੀਕ ਸਿੰਘ ਚਾਹਲ ਡੀ. ਐੱਸ. ਪੀ., ਥਾਣਾ ਮੁਖੀ ਫਿਲੌਰ ਜਤਿੰਦਰ ਕੁਮਾਰ, ਥਾਣਾ ਮੁਖੀ ਗੁਰਾਇਆ ਪਰਮਿੰਦਰ ਸਿੰਘ, ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ. ਆਈ. ਏ.-2, ਇੰਸਪੈਕਟਰ ਸੱਤਪਾਲ ਸੀ. ਆਈ. ਏ. ਸਟਾਫ-1 ਆਦਿ ਹਾਜ਼ਰ ਸਨ। 


Related News