ਬਹੁਚਰਚਿਤ ਭੀਮ ਟਾਂਕ ਕਤਲ ਕਾਂਡ ਦੇ ਮੁੱਖ ਮੁਲਜ਼ਮ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ
Thursday, Apr 04, 2024 - 01:32 PM (IST)
ਚੰਡੀਗੜ੍ਹ/ਅਬੋਹਰ : ਅਬੋਹਰ ਦੇ ਭੀਮ ਟਾਂਕ ਉਰਫ਼ ਭੀਮ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਮੁੱਖ ਦੋਸ਼ੀ ਹਰਪ੍ਰੀਤ ਹੈਰੀ ਦੇ ਫ਼ਰਜ਼ੀ ਪਾਸਪੋਰਟ ’ਤੇ ਦੁਬਈ ਉਡਾਰੀ ਮਾਰੇ ਜਾਣ ਦਾ ਸ਼ੱਕ ਹੈ। ਉਹ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਗਿਆ ਸੀ। ਉਸ ਦਾ ਬਿਨਾਂ ਤਾਰੀਖ ਵਾਲਾ ਇਕ ਵੀਡੀਓ ਸੁਨੇਹਾ ਵੀ ਸਾਹਮਣੇ ਆਇਆ ਹੈ ਜਿਸ ਵਿਚ ਉਹ ਕਿਸਾਨਾਂ ਨੂੰ ਦਰਪੇਸ਼ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦੇ ਰਿਹਾ ਹੈ। ਇਸ ਵੀਡੀਓ ਵਿੱਚ ਉਹ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਇਕ ਰੈਲੀ ਕਰ ਕੇ ਦਿਖਾਉਣ ਲਈ ਵੀ ਵੰਗਾਰ ਰਿਹਾ ਹੈ। ਵੀਡੀਓ ਵਿੱਚ ਉਹ ਕਹਿ ਰਿਹਾ ਹੈ ਕਿ ਉਸ ਅਤੇ ਉਸ ਦੇ ਸਾਥੀਆਂ ਕੋਲ ਪ੍ਰਧਾਨ ਮੰਤਰੀ ਦੀ ਸੁਰੱਖਿਆ ਪ੍ਰਬੰਧਾਂ ਦੇ ਟਾਕਰੇ ਲਈ ਲੋੜੀਂਦੀ ਗਿਣਤੀ ਵਿੱਚ ਏਕੇ-56 ਰਾਈਫਲਾਂ ਹਨ। ਉਧਰ ਇਸ ਸਬੰਧ ਵਿੱਚ ਗੱਲ ਕਰਨ ’ਤੇ ਫਾਜ਼ਿਲਕਾ ਦੀ ਐੱਸਐੱਸਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਾਰਵਾਈ ਆਰੰਭ ਦਿੱਤੀ ਗਈ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਜ਼ਿਲ੍ਹੇ ਦੀ ਕਮਾਂਡ ਸੰਭਾਲੀ ਹੈ।
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਸ਼ਰਾਬ ਕਾਰੋਬਾਰੀ ਅਤੇ ਸਾਬਕਾ ਅਕਾਲੀ ਆਗੂ ਸ਼ਿਵ ਲਾਲ ਡੋਡਾ ਸਣੇ 24 ਵਿਅਕਤੀਆਂ ਨੂੰ ਦਸੰਬਰ 2015 ਵਿੱਚ ਡੋਡਾ ਦੇ ਫਾਰਮ ਹਾਊਸ ਵਿੱਚ ਭੀਮ ਟਾਂਕ ਦੇ ਅੰਗ ਕੱਟ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ। ਹੈਰੀ ਇਸ ਮਾਮਲੇ ਦਾ ਮੁੱਖ ਦੋਸ਼ੀ ਹੈ। ਡੋਡਾ ਦੇ ਸਾਬਕਾ ਮੁਲਾਜ਼ਮ ਭੀਮ ਦਾ ਇਕ-ਇਕ ਅੰਗ ਕੱਟ ਕੇ ਉਸ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਭੀਮ ਨੇ ਘਟਨਾ ਤੋਂ ਕੁਝ ਹਫ਼ਤੇ ਪਹਿਲਾਂ ਹੀ ਡੋਡਾ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸ਼ਰਾਬ ਕਾਰੋਬਾਰੀ ਦੇ ਕੁਝ ਬੰਦਿਆਂ ਦੀ ਕੁੱਟਮਾਰ ਵੀ ਕੀਤੀ ਸੀ।
ਭੀਮ ਦੇ ਕਤਲ ਦੇ ਰੋਸ ਵਜੋਂ ਪੂਰਾ ਅਬੋਹਰ ਸ਼ਹਿਰ ਬੰਦ ਰਿਹਾ ਸੀ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ-ਭਾਜਪਾ ਦੀ ਸਰਕਾਰ ਸੀ। ਬੇਰਹਿਮੀ ਨਾਲ ਕੀਤੇ ਗਏ ਇਸ ਕਤਲ ਨਾਲ ਸਾਰੇ ਖੇਤਰ ਅਤੇ ਸਿਆਸੀ ਪਾਰਟੀਆਂ ’ਚ ਰੋਸ ਫੈਲ ਗਿਆ ਸੀ। ਉਪਰੰਤ, ਫਾਜ਼ਿਲਕਾ ਦੀ ਇਕ ਅਦਾਲਤ ਨੇ ਅਗਸਤ 2019 ਵਿੱਚ ਹੈਰੀ ਤੇ ਹੋਰਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸੂਤਰਾਂ ਅਨੁਸਾਰ ਦੋਸ਼ੀਆਂ ਨੇ ਉੱਪਰਲੀ ਅਦਾਲਤ ਵਿੱਚ ਪਹੁੰਚ ਕੀਤੀ ਸੀ। ਹੈਰੀ ਨੂੰ ਹਾਲ ਹੀ ਵਿੱਚ ਪੈਰੋਲ ਮਿਲ ਗਈ ਸੀ। ਹੁਣ ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਹੈਰੀ ਫ਼ਰਜ਼ੀ ਪਾਸਪੋਰਟ ਤੇ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਦੁਬਈ ਉਡਾਰੀ ਮਾਰ ਗਿਆ ਹੈ।