ਮਹਾਸ਼ਿਵਰਾਤਰੀ ਮੌਕੇ ਮਾਸ-ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੀ ਮੰਗ

02/18/2020 1:34:54 PM

ਪਟਿਆਲਾ (ਰਾਜੇਸ਼): ਆਰੀਆ ਸਮਾਜ ਇਲਾਕੇ ਦੇ ਹਿੰਦੂ ਨੌਜਵਾਨਾਂ ਨੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੂੰ ਮੰਗ-ਪੱਤਰ ਦੇ ਕੇ ਮੰਗ ਕੀਤੀ ਹੈ ਕਿ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਮਾਸ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਜਾਣ। ਇਸ ਦੇ ਨਾਲ ਹੀ ਮਹਾਸ਼ਿਵਰਾਤਰੀ ਮੌਕੇ ਸਜਾਈ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਲਾਈਆਂ ਜਾਣ ਵਾਲੀਆਂ ਸਵਾਗਤੀ ਸਟੇਜਾਂ 'ਤੇ ਡੀ. ਜੇ. 'ਤੇ ਫਿਲਮੀ ਗਾਣਿਆਂ ਨੂੰ ਬੰਦ ਕਰਵਾਇਆ ਜਾਵੇ।

ਯੂਥ ਆਗੂ ਦਿਵਾਕਰ ਸ਼ਰਮਾ, ਵਿਕਾਸ ਸ਼ਰਮਾ, ਵਿੱਕੀ ਰਹੇਜਾ, ਹਰੀ ਓਮ ਗੋਇਲ, ਕਾਲਾ ਮੂਸਾ, ਪੰਕੁਸ਼ ਕੌਸ਼ਲ, ਸ਼ੁਭਮ ਚੁੱਘ, ਦਕਸ਼ ਰਾਜਪੂਤ ਅਤੇ ਹੋਰ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਮਹਾਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੌਰਾਨ ਅਦਾਲਤ ਬਜ਼ਾਰ ਵਿਖੇ ਕੁਝ ਸ਼ਰਾਰਤੀ ਅਨਸਰਾਂ ਨੇ ਸ਼ਰਾਬ ਦੀ ਸਟਾਲ ਲਾ ਕੇ ਸ਼ਰਾਬ ਵੰਡੀ ਸੀ। ਇਸ ਕਾਰਣ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਅਜਿਹੀ ਘਟਨਾ ਫਿਰ ਨਾ ਹੋਵੇ, ਇਸ ਲਈ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਗਵਾਨ ਮਹਾਵੀਰ ਜੈਅੰਤੀ ਅਤੇ ਹੋਰ ਤਿਉਹਾਰਾਂ ਮੌਕੇ ਸ਼ਰਾਬ ਅਤੇ ਮਾਸ ਦੀਆਂ ਦੁਕਾਨਾਂ ਬੰਦ ਰੱਖੀਆਂ ਜਾਂਦੀਆਂ ਹਨ, ਉਸੇ ਪੈਟਰਨ 'ਤੇ ਮਹਾਸ਼ਿਵਰਾਤਰੀ ਮੌਕੇ ਜ਼ਿਲਾ ਮੈਜਿਸਟਰੇਟ ਨੂੰ ਹੁਕਮ ਜਾਰੀ ਕਰਨੇ ਚਾਹੀਦੇ ਹਨ।


Shyna

Content Editor

Related News