ਦਿਲਜੀਤ ਦੋਸਾਂਝ ਦੀ ਨਾਗਰਿਕਤਾ ਰੱਦ ਕਰਨ ਦੀ ਮੰਗ ਗ਼ੈਰ-ਵਾਜਿਬ : ਡਾ. ਸਾਹਨੀ

Monday, Jun 30, 2025 - 01:02 PM (IST)

ਦਿਲਜੀਤ ਦੋਸਾਂਝ ਦੀ ਨਾਗਰਿਕਤਾ ਰੱਦ ਕਰਨ ਦੀ ਮੰਗ ਗ਼ੈਰ-ਵਾਜਿਬ : ਡਾ. ਸਾਹਨੀ

ਚੰਡੀਗੜ੍ਹ (ਅੰਕੁਰ)- ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮਸ਼ਹੂਰ ਕਲਾਕਾਰ ਦਿਲਜੀਤ ਦੋਸਾਂਝ ਦੀ ਦੇਸ਼ ਭਗਤੀ ’ਤੇ ਸਵਾਲ ਉਠਾਉਣ ਵਾਲੀ ਅਲੋਚਨਾ ਦਾ ਵਿਰੋਧ ਕਰਦਿਆਂ ਇਸ ਨੂੰ ਦੋਸਾਂਝ ਵਰਗੇ ਮਹਾਨ ਕਲਾਕਾਰ ਨਾਲ ਬੇਇਨਸਾਫੀ ਕਰਾਰ ਦਿੱਤਾ ਹੈ।

ਫਿਲਮ ‘ਸਰਦਾਰ ਜੀ 3’ ਦੇ ਹਵਾਲੇ ਨਾਲ ਪੈਦਾ ਹੋ ਵਿਵਾਦ ਦਾ ਹਵਾਲਾ ਦਿੰਦਿਆਂ ਡਾ. ਸਾਹਨੀ ਨੇ ਕਿਹਾ ਕਿ ਇਸ ਫਿਲਮ ਲਈ ਦਿਲਜੀਤ ਦੀ ਦੇਸ਼ ਭਗਤੀ ’ਤੇ ਹਮਲਾ ਕਰਨਾ ਬੇਇਨਸਾਫ਼ੀ ਜਾਪਦਾ ਹੈ, ਖਾਸ ਕਰ ਕੇ ਜਦੋਂ ਉਨ੍ਹਾਂ ਨੇ ਸਬੂਤਾਂ ਨਾਲ ਸਪੱਸ਼ਟ ਕੀਤਾ ਹੈ ਕਿ ਇਹ ਫਿਲਮ ਦੁੱਖਦਾਈ ਪਹਿਲਗਾਮ ਘਟਨਾ ਤੋਂ ਬਹੁਤ ਪਹਿਲਾਂ ਫਰਵਰੀ ’ਚ ਸ਼ੂਟ ਕੀਤੀ ਗਈ ਸੀ, ਜਿਸ ਦੌਰਾਨ ਇਕ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਵੀ ਹੋਇਆ ਸੀ। ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਕਿਸੇ ਬਾਰੇ ਫ਼ੈਸਲਾ ਕਰਦੇ ਸਮੇਂ ਸਮਾਂ-ਸੀਮਾ ਜਾਂ ਤੱਥਾਂ ਨੂੰ ਉਲਝਾਉਣਾ ਨਹੀਂ ਚਾਹੀਦਾ।

ਡਾ. ਸਾਹਨੀ ਨੇ ਦਿਲਜੀਤ ਦੋਸਾਂਝ ਦੀ ਜਨਤਕ ਭਾਵਨਾਵਾਂ ਪ੍ਰਤੀ ਸੰਵੇਦਨਸ਼ੀਲਤਾ ਲਈ ਵੀ ਸ਼ਲਾਘਾ ਕਰਦਿਆਂ ਫਿਲਮ ਨੂੰ ਭਾਰਤ ’ਚ ਰਿਲੀਜ਼ ਨਾ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਦਾ ਜ਼ਿਕਰ ਕੀਤਾ। ਡਾ. ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰ ਕੇ ਅਤੇ ਭਾਰਤੀ ਸਿਨੇਮਾਘਰਾਂ ’ਚ ਫਿਲਮ ਰਿਲੀਜ਼ ਨਾ ਕਰਨ ਦਾ ਫ਼ੈਸਲਾ ਕਰ ਕੇ ਦੇਸ਼ ਪ੍ਰਤੀ ਸ਼ਾਨਦਾਰ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ।

ਭਾਰਤੀ ਸੱਭਿਆਚਾਰ ਦੇ ਵਿਸ਼ਵਵਿਆਪੀ ਰਾਜਦੂਤ ਵਜੋਂ ਦਿਲਜੀਤ ਦੀ ਅਨਮੋਲ ਭੂਮਿਕਾ ਦਾ ਹਵਾਲਾ ਦਿੰਦਿਆਂ ਡਾ. ਸਾਹਨੀ ਨੇ ਕਿਹਾ ਕਿ ਕਲਾਕਾਰ ਦੀ ਨਾਗਰਿਕਤਾ ਰੱਦ ਕਰਨ ਅਤੇ ਉਸ ਦੇ ਸੰਗੀਤ ’ਤੇ ਪਾਬੰਦੀ ਲਾਉਣ ਦੇ ਐੱਫ. ਡਬਲਿਊ. ਆਈ. ਸੀ. ਈ. ਦੇ ਸੱਦੇ ਨੂੰ ਅਣਉਚਿਤ ਫੈਸਲਾ ਦੱਸਦਿਆਂ ਉਨ੍ਹਾਂ ਕਿਹਾ ਕਿ ਕੋਚੇਲਾ ਤੋਂ ਲੈ ਕੇ ਮੈੱਟ ਗਾਲਾ ਤੱਕ ਦਿਲਜੀਤ ਨੇ ਭਾਰਤ ਨੂੰ ਮਾਣ ਦਿਵਾਇਆ ਹੈ। ਉਸ ਨੇ ਹਮੇਸ਼ਾ ਕਿਹਾ ਹੈ ਕਿ ਉਹ ਇਕ ਮਾਣਮੱਤਾ ਭਾਰਤੀ ਅਤੇ ਮਾਣਮੱਤਾ ਪੰਜਾਬੀ ਹੈ। ਸਾਨੂੰ ਆਪਣੇ ਸੱਭਿਆਚਾਰਕ ਨਾਇਕਾਂ ਲਈ ਜਸ਼ਨ ਮਨਾਉਣਾ ਚਾਹੀਦਾ ਹੈ ਅਤੇ ਗਲਤ ਜਾਣਕਾਰੀ ਅਤੇ ਤਰਕਹੀਣਤਾ ’ਤੇ ਉਨ੍ਹਾਂ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ


author

cherry

Content Editor

Related News