ਫਾਰਮੇਸੀ ਅਫ਼ਸਰਾਂ ਦੀ ਪ੍ਰੀਖਿਆ 'ਚ ਹਾਈ-ਟੈਕ ਨਕਲ! ਬਲੂਟੁੱਥ ਡਿਵਾਈਸਾਂ ਸਮੇਤ 11 ਉਮੀਦਵਾਰ ਆਏ ਅੜਿੱਕੇ
Sunday, Jul 19, 2026 - 06:53 PM (IST)
ਫ਼ਰੀਦਕੋਟ (ਰਾਜਨ)- ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਵੱਲੋਂ ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ 'ਚ 454 ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ ਐਤਵਾਰ ਨੂੰ ਕਰਵਾਈ ਗਈ ਲਿਖ਼ਤੀ ਪ੍ਰੀਖਿਆ ਦੌਰਾਨ ਬਲੂਟੁੱਥ ਡਿਵਾਈਸਾਂ ਰਾਹੀਂ ਨਕਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਪੁਲਸ ਨੇ ਨਕਲ ਕਰਵਾਉਣ ਵਾਲੇ ਇੱਕ ਕਥਿਤ ਗਿਰੋਹ ਦਾ ਪਰਦਾਫ਼ਾਸ਼ ਕਰਦਿਆਂ ਫ਼ਰੀਦਕੋਟ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਤੋਂ ਕਰੀਬ 11 ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਨਾ ਤਾਂ ਯੂਨੀਵਰਸਿਟੀ ਅਤੇ ਨਾ ਹੀ ਪੁਲਸ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿੱਚ 454 ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਨੋਡਲ ਏਜੰਸੀ ਨਿਯੁਕਤ ਕੀਤਾ ਸੀ। ਇਸੇ ਤਹਿਤ ਐਤਵਾਰ ਨੂੰ ਲਿਖਤੀ ਪ੍ਰੀਖਿਆ ਕਰਵਾਈ ਗਈ, ਜਿਸ ਵਿੱਚ ਕਰੀਬ 7 ਹਜ਼ਾਰ ਉਮੀਦਵਾਰਾਂ ਨੇ ਭਾਗ ਲਿਆ। ਪ੍ਰੀਖਿਆ ਲਈ ਫ਼ਰੀਦਕੋਟ, ਕੋਟਕਪੂਰਾ ਅਤੇ ਫ਼ਿਰੋਜ਼ਪੁਰ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਸਨ।
ਇਹ ਵੀ ਪੜ੍ਹੋ: ਸਿਹਤਮੰਦ ਬੱਚੇ, ਖ਼ੁਸ਼ਹਾਲ ਪਰਿਵਾਰ, ਬੱਚਿਆਂ ਦੀ ਸਿਹਤ ਨੂੰ ਲੈ ਕੇ Pinkoo TV ਨੇ ਸਾਂਝੀ ਕੀਤੀ ਖ਼ਾਸ ਵੀਡੀਓ
ਸੂਤਰਾਂ ਮੁਤਾਬਕ ਪ੍ਰੀਖਿਆ ਦੌਰਾਨ ਪੁਲਸ ਨੂੰ ਬਲੂਟੁੱਥ ਡਿਵਾਈਸਾਂ ਰਾਹੀਂ ਨਕਲ ਕਰਵਾਉਣ ਵਾਲੇ ਇੱਕ ਗਿਰੋਹ ਬਾਰੇ ਪਹਿਲਾਂ ਤੋਂ ਸੂਚਨਾ ਮਿਲੀ ਹੋਈ ਸੀ। ਇਸ ਤੋਂ ਬਾਅਦ ਕੀਤੀ ਗਈ ਕਾਰਵਾਈ ਦੌਰਾਨ ਗਿਰੋਹ ਨਾਲ ਜੁੜੇ ਵਿਅਕਤੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਤੇ ਜਾਂਚ ਕੀਤੀ ਗਈ। ਇਸ ਦੌਰਾਨ ਬਲੂਟੁੱਥ ਡਿਵਾਈਸਾਂ ਦੀ ਮਦਦ ਨਾਲ ਪ੍ਰੀਖਿਆ ਦੇ ਰਹੇ ਕਈ ਸ਼ੱਕੀ ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਦਕਿ ਕੁਝ ਵਿਅਕਤੀਆਂ ਦੇ ਮੌਕੇ ਤੋਂ ਫ਼ਰਾਰ ਹੋਣ ਦੀ ਵੀ ਚਰਚਾ ਹੈ।
ਸੂਤਰਾਂ ਅਨੁਸਾਰ ਫ਼ਰੀਦਕੋਟ ਦੇ ਵੱਖ-ਵੱਖ ਕੇਂਦਰਾਂ ਤੋਂ ਕਰੀਬ 11 ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਇਲਾਵਾ ਕੋਟਕਪੂਰਾ ਅਤੇ ਫ਼ਿਰੋਜ਼ਪੁਰ ਦੇ ਕੁਝ ਕੇਂਦਰਾਂ ਵਿੱਚ ਵੀ ਸ਼ੱਕੀ ਉਮੀਦਵਾਰਾਂ ਦੀ ਜਾਂਚ ਕੀਤੀ ਗਈ। ਹਾਲਾਂਕਿ ਹੁਣ ਤੱਕ ਕਿੰਨੇ ਉਮੀਦਵਾਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾ ਰਹੀ ਹੈ, ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਇਹ ਵੀ ਪੜ੍ਹੋ: Punjab: 'ਮੈਨੂੰ ਲੱਭ ਲੈਣਾ, ਮੇਰੀ ਕਾਰ MP ਦੀ ਕੋਠੀ ਨੇੜੇ ਖੜ੍ਹੀ', ਫਿਰ ਨਹਿਰ ਕੋਲ ਪਹੁੰਚ ਨੌਜਵਾਨ ਨੇ ਕੀਤਾ...
ਫਿਲਹਾਲ ਪੁਲਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਾਮਲੇ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਪੁਲਸ ਇਸ ਪੂਰੇ ਨਕਲ ਰੈਕੇਟ, ਗਿਰੋਹ ਦੇ ਮੈਂਬਰਾਂ ਅਤੇ ਉਮੀਦਵਾਰਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਖੁਲਾਸਾ ਕਰ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! 19,20,21,22 ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ 'ਚ Alert
