ਕੇਂਦਰੀ ਜੇਲ ਫਰੀਦਕੋਟ ’ਚ ਪੁਲਸ ਦੀ ਤਲਾਸ਼ੀ ਮੁਹਿੰਮ, ਬੈਰਕਾਂ ਦੀ ਹੋਈ ਗਹਿਰਾਈ ਨਾਲ ਜਾਂਚ
Saturday, Jul 18, 2026 - 06:05 PM (IST)
ਫਰੀਦਕੋਟ (ਰਾਜਨ) : ਜ਼ਿਲੇ ’ਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਜੇਲਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਕੇਂਦਰੀ ਮਾਡਰਨ ਜੇਲ ਫਰੀਦਕੋਟ ਵਿਖੇ ਸ਼ਨੀਵਾਰ ਨੂੰ ਫਰੀਦਕੋਟ ਪੁਲਸ ਅਤੇ ਜੇਲ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਵੱਡੇ ਪੱਧਰ ’ਤੇ ਅਚਨਚੇਤ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਜੇਲ ਦੇ ਵੱਖ-ਵੱਖ ਹਿੱਸਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਅਤੇ ਸੁਰੱਖਿਆ ਪ੍ਰਬੰਧਾਂ ਦੀ ਗਹਿਰਾਈ ਨਾਲ ਸਮੀਖਿਆ ਕੀਤੀ ਗਈ। ਚੈਕਿੰਗ ਮੁਹਿੰਮ ਦੀ ਅਗਵਾਈ ਡੀ. ਐੱਸ. ਪੀ. (ਡੀਟੈਕਟਿਵ) ਅਵਤਾਰ ਸਿੰਘ ਨੇ ਕੀਤੀ। ਇਸ ਮੌਕੇ ਮੁੱਖ ਅਫ਼ਸਰ ਥਾਣਾ ਸਿਟੀ ਫਰੀਦਕੋਟ ਰਾਜਵੰਤ ਸਿੰਘ, ਮੁੱਖ ਅਫ਼ਸਰ ਥਾਣਾ ਸਦਰ ਫਰੀਦਕੋਟ ਰਜੇਸ਼ ਕੁਮਾਰ ਅਤੇ ਜੇਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਪੁਲਸ ਅਤੇ ਜੇਲ ਸਟਾਫ਼ ਦੀਆਂ ਸਾਂਝੀਆਂ ਟੀਮਾਂ ਵੱਲੋਂ ਜੇਲ ਦੇ ਬੈਰਕਾਂ, ਆਲੇ-ਦੁਆਲੇ ਦੇ ਇਲਾਕੇ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਚੈਕਿੰਗ ਦੌਰਾਨ ਜੇਲ ਦੀ ਅੰਦਰੂਨੀ ਸੁਰੱਖਿਆ, ਨਿਗਰਾਨੀ ਪ੍ਰਣਾਲੀ, ਅਨੁਸ਼ਾਸਨ ਅਤੇ ਹੋਰ ਪ੍ਰਬੰਧਾਂ ਦਾ ਗਹਿਰਾਈ ਨਾਲ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਨੇ ਇਹ ਵੀ ਯਕੀਨੀ ਬਣਾਇਆ ਕਿ ਜੇਲ ਅੰਦਰ ਸੁਰੱਖਿਆ ਸਬੰਧੀ ਸਾਰੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੋ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਦੀ ਕੋਈ ਗੁੰਜਾਇਸ਼ ਨਾ ਰਹੇ। ਡੀ. ਐੱਸ. ਪੀ. ਅਵਤਾਰ ਸਿੰਘ ਨੇ ਮੌਕੇ ’ਤੇ ਮੌਜੂਦ ਪੁਲਸ ਅਤੇ ਜੇਲ ਸਟਾਫ਼ ਨੂੰ ਹਦਾਇਤ ਕੀਤੀ ਕਿ ਜੇਲ ਦੀ ਸੁਰੱਖਿਆ ਨੂੰ ਹਰ ਹਾਲਤ ’ਚ ਪਹਿਲ ਦਿੱਤੀ ਜਾਵੇ ਅਤੇ ਹਰ ਵੇਲੇ ਪੂਰੀ ਚੌਕਸੀ ਬਰਕਰਾਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਅਚਨਚੇਤ ਚੈਕਿੰਗਾਂ ਦਾ ਮੁੱਖ ਉਦੇਸ਼ ਜੇਲਾਂ ’ਚ ਅਨੁਸ਼ਾਸਨ ਕਾਇਮ ਰੱਖਣਾ, ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣਾ ਹੈ। ਉਨ੍ਹਾਂ ਨੇ ਕਿਹਾ ਕਿ ਫਰੀਦਕੋਟ ਪੁਲਸ ਅਤੇ ਜੇਲ ਪ੍ਰਸ਼ਾਸਨ ਵੱਲੋਂ ਭਵਿੱਖ ’ਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਜੇਲ ਦੀ ਸੁਰੱਖਿਆ, ਅਮਨ-ਕਾਨੂੰਨ ਅਤੇ ਅਨੁਸ਼ਾਸਨ ਨੂੰ ਹਰ ਸਮੇਂ ਯਕੀਨੀ ਬਣਾਇਆ ਜਾ ਸਕੇ।
