ਝਗਡ਼ੇ ਵਾਲੀ ਜ਼ਮੀਨ ’ਤੇ ਕਬਜ਼ਾ ਕਰ ਰਹੇ ਵਿਅਕਤੀਆਂ ਦੀ ਪੁਲਸ ਨਾਲ ਹੋਈ ਤਲਖ-ਕਲਾਮੀ

Friday, Nov 23, 2018 - 02:22 AM (IST)

ਝਗਡ਼ੇ ਵਾਲੀ ਜ਼ਮੀਨ ’ਤੇ ਕਬਜ਼ਾ ਕਰ ਰਹੇ ਵਿਅਕਤੀਆਂ ਦੀ ਪੁਲਸ ਨਾਲ ਹੋਈ ਤਲਖ-ਕਲਾਮੀ

ਨਥਾਣਾ, (ਬੱਜੋਆਣੀਆਂ)- ਥਾਣਾ ਨਥਾਣਾ ਅਧੀਨ ਆਉਂਦੇ ਪਿੰਡ ਕਲਿਆਣ ਸੁੱਖਾ ਵਿਖੇ ਪੈਟਰੋਲ ਪੰਪ ਦੇ ਪਿਛਲੇ ਪਾਸੇ ਇਕ ਝਗਡ਼ੇ ਵਾਲੀ ਜ਼ਮੀਨ ’ਤੇ ਕਬਜ਼ਾ ਕਰ ਰਹੇ ਵਿਅਕਤੀਆਂ ਦੀ ਪੁਲਸ ਨਾਲ ਉਸ ਸਮੇਂ ਤਲਖ-ਕਲਾਮੀ ਹੋਈ ਜਦ ਸ਼ਿਕਾਇਤ ਕਰਤਾ ਨੇ ਪੁਲਸ ਕੋਲ ਕਬਜ਼ਾ ਕਰ ਰਹੇ ਵਿਅਕਤੀਆਂ ਨੂੰ ਰੋਕਣ ਦੀ ਮੰਗ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਕਲਿਆਣ ਸੁੱਖਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਘਰ ਨਾਲ ਲਗਦੀ ਜ਼ਮੀਨ ਨੂੰ ਪਿੰਡ ਸੈਦੋਕੇ ਤੋਂ ਬਹਾਦਰ ਸਿੰਘ ਅਤੇ ਧਿਆਨ ਸਿੰਘ ਤੋਂ ਇਲਾਵਾ ਇਕ ਅੌਰਤ ਗੁਰਦੇਵ ਕੌਰ ਤੇ ਦੋ ਹੋਰ ਅੌਰਤਾਂ ਸਮੇਤ ਕਈ ਨੌਜਵਾਨ ਦੋ ਟਰੈਕਟਰਾਂ ਨਾਲ ਵਾਹ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਦਾ ਵਿਵਾਦ ਹੈ ਅਤੇ ਮਾਮਲਾ ਕੋਰਟ ’ਚ ਵਿਚਾਰਅਧੀਨ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਦ ਝਗਡ਼ੇ ਵਾਲੀ ਜ਼ਮੀਨ ਵਾਹ ਰਹੇ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਸ ਨਾਲ ਤੂੰ-ਤੂੰ, ਮੈਂ ਮੈਂ ਕਰਦਿਆਂ ਇਕ ਬਰਤਨ ਵਿਚ ਪਾਏ ਹੋਏ ਤੇਲ ਨਾਲ ਆਪਣੇ ਆਪ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ, ਜਿਸ ਉਪਰੰਤ ਪੁਲਸ ਨੇ ਪਿੱਛੇ ਹਟਣਾ ਹੀ ਮੁਨਾਸਿਬ ਸਮਝਿਆ। ਇਸ ਉਪਰੰਤ ਥਾਣਾ ਨਥਾਣਾ ਦੇ ਮੁਖੀ ਸ਼ਿਵਚੰਦ ਤੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਹੋਰਨਾਂ ਥਾਣਿਆਂ ਦੀ ਪੁਲਸ ਨੂੰ ਬੁਲਾ ਲਿਆ ਤਾਂ ਕਿ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰੇ। ਜਦ ਤੱਕ ਹੋਰਨਾਂ ਥਾਣਿਆਂ ਦੀ ਪੁਲਸ ਇਕੱਠੀ ਹੋਈ ਉਦੋਂ ਤੱਕ ਧਿਆਨ ਸਿੰਘ ਪੁੱਤਰ ਬਾਰਾ ਸਿੰਘ, ਬਹਾਦਰ ਸਿੰਘ ਵਾਸੀ ਸੈਦੋਕੇ (ਜ਼ਿਲਾ ਮੋਗਾ) ਨੇ ਇਸ ਜ਼ਮੀਨ ਨੂੰ ਤਵੀਆਂ ਤੇ ਰੋਟਾਵੇਟਰ ਨਾਲ ਵਾਹ ਦਿੱਤਾ। ਸ਼ਿਕਾਇਤ ਕਰਤਾ ਨੇ ਇਸ ਝਗਡ਼ੇ ਵਾਲੀ ਜ਼ਮੀਨ ਬਾਰੇ ਦੱਸਿਆ ਕਿ ਕੁੱਲ ਸਾਢੇ ਚਾਰ ਏਕਡ਼ ਜ਼ਮੀਨ ਮੇਰੀ ਮਾਂ ਗੁਰਦੇਵ ਕੌਰ ਦੇ ਨਾਂ ਹੈ, ਜਿਸ ਨੂੰ ਮੇਰੇ ਮਾਮੇ ਦਾ ਲਡ਼ਕਾ ਧਿਆਨ ਸਿੰਘ ਅਤੇ ਬਹਾਦਰ ਸਿੰਘ ਵਾਸੀ ਸੈਦੋਕੇ ਕਬਜ਼ਾ ਕਰਨ ਦੀ ਨੀਅਤ ਨਾਲ ਅੱਜ ਵਾਹ ਰਹੇ ਸਨ। ਜ਼ਿਕਰਯੋਗ ਹੈ ਕਿ ਗੁਰਦੇਵ ਕੌਰ ਪਿਛਲੇ ਕਈ ਸਾਲਾਂ ਤੋਂ ਆਪਣੇ ਪੇਕੇ ਪਿੰਡ ਸੈਦੋਕੇ ਰਹਿ ਰਹੀ ਹੈ, ਜਿਸ ਕਰ ਕੇ ਉਹ ਸਾਢੇ ਚਾਰ ਏਕਡ਼ ਜ਼ਮੀਨ ਆਪਣੇ ਭਤੀਜੇ ਨੂੰ ਦੇਣਾ ਚਾਹੁੰਦੀ ਹੈ। ਪੁਲਸ ਨੇ ਕਬਜ਼ਾ ਕਰ ਰਹੇ ਕੁਝ ਵਿਅਕਤੀਆਂ ਸਮੇਤ ਦੋ ਟਰੈਕਟਰ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ। 


Related News