ਲੱਖੀ ਜ਼ੈਲਦਾਰ ਨੇ ਚੋਣ ਲੜਨ ਦੀ ਅਫਵਾਹਾਂ ਤੋਂ ਕੀਤਾ ਪੂਰੀ ਤਰ੍ਹਾਂ ਇਨਕਾਰ

04/18/2021 2:16:42 PM

ਬਰਨਾਲਾ (ਵਿਵੇਕ ਸਿੰਧਵਾਨੀ) : ਉੱਘੇ ਸਮਾਜਸੇਵੀ ਅਤੇ ਬਾਦਲ ਪਰਿਵਾਰ ਦੇ ਅਤਿ ਨਜ਼ਦੀਕੀ ਰਹਿ ਚੁੱਕੇ ਲਖਵੀਰ ਸਿੰਘ ਲੱਖੀ ਜ਼ੈਲਦਾਰ,ਜੋ ਅੱਜ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਹਨ ਨੇ ਸਾਡੇ ਪ੍ਰਤੀਨਿਧੀ ਨੂੰ ਫੋਨ ਕਰਕੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਹਲਕੇ ਤੋਂ ਚੋਣ ਲੜਨ ਦੇ ਇੱਛੁਕ ਨਹੀਂ ਹਨ।ਉਨ੍ਹਾਂ ਕਿਹਾ ਮੇਰੇ ਬਾਰੇ ਕਿਹਾ ਜਾ ਰਿਹਾ ਹੈ ਕਿ ਮੈਂ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਹੋ ਸਕਦਾ ਹਾਂ ਪਰ ਮੈਂ ਸਪਸ਼ਟ ਕਰਦਾ ਹਾਂ ਕਿ ਮੈਂ ਕਿਸੇ ਪਾਰਟੀ ਤੋਂ ਵੀ ਚੋਣ ਨਹੀਂ ਲੜਾਂਗਾ।

ਲੱਖੀ ਜ਼ੈਲਦਾਰ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਮੇਰੇ ਬਹੁਤ ਸਤਿਕਾਰਯੋਗ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਹਨ। ਉਨ੍ਹਾਂ ਨੇ ਹਲਕਾ ਬਰਨਾਲਾ ਦੇ ਵਿਕਾਸ ਲਈ ਬਹੁਤ ਕੁਝ ਕੀਤਾ ਹੈ  ਅਤੇ ਉਨ੍ਹਾਂ ਦੇ ਮਨ ਵਿੱਚ ਅਜੇ ਹੋਰ ਵੀ ਬਹੁਤ ਕੁਝ ਕਰਨ ਦੀ ਚਾਹ ਹੈ। ਮੈਂ ਹਲਕਾ ਬਰਨਾਲਾ ਵਿੱਚ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾਂਗਾ ਅਤੇ ਉਨ੍ਹਾਂ ਨੂੰ ਇੱਥੋਂ ਜਿਤਾ ਕੇ ਦੁਬਾਰਾ ਬਣਨ ਵਾਲੀ ਕਾਂਗਰਸ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਤੇ ਬਿਠਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਵਾਂਗਾ। ਉਨ੍ਹਾਂ ਕਿਹਾ ਕੇਵਲ ਸਿੰਘ ਢਿੱਲੋਂ ਕਾਂਗਰਸ ਦਾ ਅਜਿਹਾ ਵਫਾਦਾਰ ਸਿਪਾਹੀ ਹੈ, ਜਿਸ ਨੇ ਇਕੱਲੇ ਆਪਣੇ ਬਲਬੂਤੇ ਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਮਨਾ ਕੇ 2006 ਵਿਚ ਬਰਨਾਲਾ ਨੂੰ ਜ਼ਿਲ੍ਹਾ ਬਣਾਇਆ ਅਤੇ ਉਸ ਤੋਂ ਬਾਅਦ ਕਰੋੜਾਂ ਰੁਪਏ ਦੀਆਂ ਗਰਾਂਟਾਂ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਲਿਆ ਕੇ ਦਿੱਤੀਆਂ।

ਕਾਂਗਰਸ ਪਾਰਟੀ ਦੇ ਸਮੁੱਚੇ ਅਹੁਦੇਦਾਰ ਅਤੇ ਵਰਕਰ ਸਰਦਾਰ ਢਿੱਲੋਂ ਦੇ ਨਾਲ : ਮੱਖਣ ਸ਼ਰਮਾ  
ਦੂਜੇ ਪਾਸੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਵੀ ਸਪੱਸ਼ਟ ਕੀਤਾ ਹੈ ਕਿ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਇੱਕੋ-ਇੱਕ ਉਮੀਦਵਾਰ ਕੇਵਲ ਸਿੰਘ ਢਿੱਲੋਂ ਹਨ ਅਤੇ ਉਹ ਹੀ ਹੋਣਗੇ। ਸਮੁੱਚੀ ਕਾਂਗਰਸ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਉਨ੍ਹਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ ਵਿਚ ਹੂੰਝਾ ਫੇਰੂ ਜਿੱਤ ਦੁਆ ਕੇ ਵਿਧਾਨ ਸਭਾ ਵਿੱਚ ਭੇਜ ਕੇ ਮੰਤਰੀ ਬਣਵਾਇਆ ਜਾਵੇਗਾ।ਉਨ੍ਹਾਂ ਕਿਹਾ ਸਰਦਾਰ ਢਿੱਲੋਂ ਦੀ ਜਿੱਤ ਯਕੀਨੀ ਹੋਈ ਪਈ ਹੈ ਜਿਸ ਨੂੰ ਵੇਖਕੇ ਵਿਰੋਧੀ ਤਰ੍ਹਾਂ ਤਰ੍ਹਾਂ ਦੀਆਂ ਸਕੀਮਾਂ ਘੜ ਰਹੇ ਹਨ ਪਰ ਉਹ ਆਪਣੀ ਕਿਸੇ ਚਾਲ ਵਿਚ ਕਾਮਯਾਬ ਨਹੀਂ ਹੋ ਸਕਣਗੇ।


Shyna

Content Editor

Related News