ਵਿਆਹ ਦਾ ਝਾਂਸਾ ਦੇ ਕੇ ਲੇਡੀ ਕਾਂਸਟੇਬਲ ਨਾਲ ਬਣਾਏ ਸ਼ਰੀਰਕ ਸਬੰਧ

11/17/2018 12:41:08 AM

ਬੱਧਨੀ ਕਲਾਂ— ਇਕ ਵਿਅਕਤੀ ਵਲੋਂ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸ ਕੇ ਲੇਡੀ ਕਾਂਸਟੇਬਲ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦੇ ਮਾਮਲੇ 'ਚ ਥਾਣਾ ਬੱਧਨੀ ਕਲਾਂ ਵਿਖੇ ਪਿੰਡ ਦੋਧਰ ਵਾਸੀ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਕੋਲ ਕੀਤੀ ਸ਼ਿਕਾਇਤ 'ਚ ਪੀੜਤਾ, ਜੋ ਕਿ ਦੋ ਬੱਚਿਆਂ ਦੀ ਮਾਂ ਵੀ ਹੈ, ਨੇ ਦੱਸਿਆ ਕਿ ਤਕਰੀਬਨ 6 ਸਾਲ ਪਹਿਲਾਂ ਉਸ ਦਾ ਵਿਆਹ ਪੁਲਸ 'ਚ ਸਿਪਾਹੀ ਵਜੋਂ ਨੌਕਰੀ ਕਰਦੇ ਇਕ ਵਿਅਕਤੀ ਨਾਲ ਹੋਇਆ ਸੀ ਪਰ 2015 'ਚ ਉਸਦੇ ਪਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਸ ਵਿਭਾਗ ਨੇ ਤਰਸ ਦੇ ਆਧਾਰ 'ਤੇ ਉਸ ਨੂੰ ਸਿਪਾਹੀ ਵਜੋਂ ਨੌਕਰੀ ਦੇ ਕੇ ਉਸ ਦੀ ਲੁਧਿਆਣਾ ਵਿਖੇ 
ਡਿਊਟੀ ਲਾ ਦਿੱਤੀ।

ਇਸ ਦੌਰਾਨ ਤਕਰੀਬਨ ਦੋ ਸਾਲ ਪਹਿਲਾਂ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸਣ ਵਾਲੇ ਇਕ ਵਿਅਕਤੀ ਨਾਲ ਉਸ ਦੀ ਜਾਣ-ਪਛਾਣ ਹੋ ਗਈ। ਉਸ ਨੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਦੀ ਮਰਜ਼ੀ ਖਿਲਾਫ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਬਾਅਦ 'ਚ ਉਸ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਬਾਅਦ 'ਚ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਪੁਲਸ ਮੁਲਾਜ਼ਮ ਨਹੀਂ ਹੈ ਤੇ ਸਿਰਫ ਝੂਠ ਬੋਲ ਕੇ ਉਸ ਨੂੰ ਗੁੰਮਰਾਹ ਕਰਦਾ ਆ ਰਿਹਾ ਤਾਂ ਉਸ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ । ਲੇਡੀ ਕਾਂਸਟੇਬਲ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਰਿੰਦਰ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਦੋਧਰ ਸ਼ਰਕੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਸਹਾਇਕ ਥਾਣੇਦਾਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News