ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਭੂਮੀ ਸਿਹਤ ਦਿਵਸ ਨੂੰ ਸਮਰਪਿਤ ਕਿਸਾਨ ਸੰਮੇਲਨ

02/21/2017 4:46:34 AM

ਫ਼ਰੀਦਕੋਟ (ਹਾਲੀ) - ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਜੰਡ ਸਾਹਿਬ ਵਿਖੇ ਡਾ. ਜਗਦੀਸ਼ ਗਰੋਵਰ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਦੀ ਅਗਵਾਈ ''ਚ ਕਿਸਾਨ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ''ਚ ਪਿੰਡ ਘੁੱਦੂਵਾਲਾ, ਪਿੰਡੀ ਬਲੋਚਾਂ, ਜੰਡ ਸਾਹਿਬ ਅਤੇ ਸ਼ੇਰ ਸਿੰਘ ਵਾਲਾ ਦੇ ਤਕਰੀਬਨ 300 ਕਿਸਾਨਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਹ ਸੰਮੇਲਨ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਬੰਧ ਹੇਠ ਭੂਮੀ ਸਿਹਤ ਦਿਵਸ ਨੂੰ ਸਮਰਪਿਤ ਸੀ। 
ਇਸ ਦੌਰਾਨ ਡਾ. ਪ੍ਰਦੀਪ ਗੋਇਲ ਜ਼ਿਲਾ ਪਸਾਰ ਮਾਹਿਰ ਨੇ ਹਾਜ਼ਰ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਿਸ਼ ਫ਼ਸਲਾਂ ਅਤੇ ਉਨ੍ਹਾਂ ਦੇ ਸੁਧਰੀਆਂ ਕਿਸਮਾਂ ਦੇ ਬੀਜਾਂ ਦੀ ਵਰਤੋਂ, ਉਪਲੱਬਧਤਾ ਅਤੇ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਡਾ. ਗੁਰਦਰਸ਼ਨ ਸਿੰਘ ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਪਰਿਵਾਰਕ ਖੁਰਾਕ ਸੁਰੱਖਿਆ ਦੇ ਮੱਦੇਨਜ਼ਰ ਘਰੇਲੂ ਬਗੀਚੀ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਫ਼ਲਾਂ ਤੇ ਸਬਜ਼ੀਆਂ ਦੀ ਕਾਸ਼ਤ ਦੇ ਗੁਰ ਦੱਸੇ। ਡਾ. ਆਰ. ਕੇ. ਸਿੰਘ ਸਹਿਯੋਗੀ ਪ੍ਰੋਫੈਸਰ (ਇੰਜ.) ਨੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਦੇ ਨਾਲ-ਨਾਲ ਐਗਰੋ-ਪ੍ਰੋਸੈਸਿੰਗ ਅਤੇ ਮੰਡੀਕਰਨ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਕੁਦਰਤੀ ਸਰੋਤਾਂ-ਹਵਾ, ਪਾਣੀ ਅਤੇ ਭੂਮੀ ਦੀ ਸਿਹਤ ਸੰਭਾਲ ਬਾਰੇ ਗੱਲ ਕਰਦਿਆਂ ਸੁਖਵਿੰਦਰ ਸਿੰਘ ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਫ਼ਸਲਾਂ ਦੇ ਮਿਆਰੀ ਉਤਪਾਦਨ ਲਈ ਖੁਰਾਕੀ ਤੱਤਾਂ ਦੀ ਸੰਤੁਲਿਤ ਵਰਤੋਂ ਕਰਨ ਲਈ ਮਿੱਟੀ ਦੀ ਪਰਖ ਕਰਵਾਉਣ ਬਾਰੇ 
ਜਾਣਕਾਰੀ ਦਿੱਤੀ। 
ਖੇਤੀਬਾੜੀ ਵਿਭਾਗ ਵੱਲੋਂ ਡਾ. ਜਗਸੀਰ ਸਿੰਘ ਜ਼ਿਲਾ ਸਿਖਲਾਈ ਅਫ਼ਸਰ ਨੇ ਕਿਸਾਨਾਂ ਨੂੰ ਮਹਿਕਮੇ ਦੀਆਂ ਗਤੀਵਿਧੀਆਂ ਬਾਰੇ ਸੂਚਿਤ ਕੀਤਾ। ਪਸ਼ੂ-ਪਾਲਣ ਵਿਭਾਗ ਵੱਲੋਂ ਡਾ. ਕੇਵਲ ਅਰੋੜਾ ਨੇ ਆਪਣੇ ਨਿਵੇਕਲੇ ਅੰਦਾਜ਼ ''ਚ ਜਿਥੇ ਕਿਸਾਨਾਂ ਦਾ ਮਨੋਰੰਜਨ ਕੀਤਾ, ਉਥੇ ਹੀ ਪਸ਼ੂ-ਪਾਲਣ ਸਬੰਧੀ ਤਕਨੀਕੀ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ। ਸੰਮੇਲਨ ਦੇ ਅੰਤ ''ਚ ਡਾ. ਜਗਦੀਸ਼ ਗਰੋਵਰ ਨੇ ਸਮੂਹ ਕਿਸਾਨਾਂ ਨੂੰ ਬਦਲਦੇ ਮੌਸਮੀ ਪ੍ਰਭਾਵਾਂ ਅਧੀਨ ਖੇਤੀ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਜਾਗਰੂਕ ਕੀਤਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ, ਫ਼ਸਲੀ ਦੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਅਤੇ ਖੇਤੀ ਮਸ਼ੀਨਰੀ ਦੀ ਯੋਗ ਵਰਤੋਂ ਨਾਲ ਸਬੰਧਿਤ ਤਕਨੀਕੀ ਸਿਖਲਾਈ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ। 
ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਦੇ ਵਿਦਿਆਰਥੀਆਂ ਵੱਲੋਂ ਜਤਿੰਦਰ ਕੁਮਾਰ (ਲੈਕਚਰਾਰ) ਦੀ ਅਗਵਾਈ ''ਚ ਭਰਪੂਰ ਸ਼ਮੂਲੀਅਤ ਕੀਤੀ। ਇਸ ਸੰਮੇਲਨ ਨੂੰ ਸਫ਼ਲ ਬਣਾਉਣ ਲਈ ਨਿਕਰਾ ਪਿੰਡ ਪਿੰਡੀ ਬਲੋਚਾਂ, ਧਰਮਜੀਤ ਸਿੰਘ ਰਿਸਰਚ ਫੈਲੋ ਅਤੇ ਮੈਡਮ ਹਰਸਿਮਰਨ ਕੌਰ ਰਿਸਰਚ ਫੈਲੋ, ਰਛਪਾਲ ਸਿੰਘ ਬਰਾੜ ਘੁੱਦੂਵਾਲਾ ਨੇ ਭਰਪੂਰ ਸਹਿਯੋਗ ਦਿੱਤਾ। ਇਸ ਸਮੇਂ ਕਿਸਾਨਾਂ ਨੂੰ ਇਨ੍ਹਾਂ ਪਿੰਡਾਂ ਵਿਚ ਗੋਭੀ, ਸਰ੍ਹੋਂ ਅਤੇ ਛੋਲਿਆਂ ਦੀਆਂ ਪ੍ਰਦਰਸ਼ਨੀਆਂ ਦਾ ਦੌਰਾ ਵੀ ਕਰਵਾਇਆ ਗਿਆ। ਅੰਤ ''ਚ ਡਾ. ਆਰ. ਕੇ. ਸਿੰਘ ਨੇ ਸਾਰੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।


Related News