ਦਾਜ ਦੇ ਮਾਮਲੇ ’ਚ ਪਤੀ ਸਮੇਤ 4 ਖਿਲਾਫ਼ ਮੁਕੱਦਮਾ ਦਰਜ
Monday, Sep 17, 2018 - 02:28 AM (IST)

ਫ਼ਰੀਦਕੋਟ, (ਰਾਜਨ)- ਕਥਿਤ ਦਾਜ ਦੇ ਮਾਮਲੇ ਅਤੇ ਪਤੀ ਵੱਲੋਂ ਦੂਜਾ ਵਿਆਹ ਕਰਵਾਉਣ ’ਤੇ ਵਿਆਹੁਤਾ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿਖੇ ਪਤੀ ਸਮੇਤ ਸਹੁਰਾ ਪਰਿਵਾਰ ਦੇ 4 ਮੈਂਬਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਦਕਿ ਪੁਲਸ ਤਫਤੀਸ਼ ਜਾਰੀ ਹੋਣ ਦੀ ਸੂਰਤ ’ਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਸ਼ਿਕਾਇਤਕਰਤਾ ਮਨਿੰਦਰ ਕੌਰ ਹਾਲ ਨਿਵਾਸੀ ਡੋਗਰ ਬਸਤੀ, ਫਰੀਦਕੋਟ ਨੇ ਆਪਣੀ ਦਰਖਾਸਤ ਵਿਚ ਬਿਆਨ ਕੀਤਾ ਕਿ ਉਸ ਦਾ ਵਿਆਹ 3 ਫਰਵਰੀ, 2013 ਨੂੰ ਜਗਤਾਰ ਸਿੰਘ ਵਾਸੀ ਘਰਿਆਲਾ (ਤਰਨਤਾਰਨ) ਨਾਲ ਹੋਇਆ ਸੀ। ਵਿਆਹ ਸਮੇਂ ਉਸ ਦੇ ਪਿਤਾ ਨੇ ਕਰੀਬ 8 ਲੱਖ ਰੁਪਏ ਖਰਚ ਕੀਤੇ ਸਨ ਅਤੇ ਆਪਣੀ ਹੈਸੀਅਤ ਅਨੁਸਾਰ ਸਹੁਰਾ ਪਰਿਵਾਰ ਨੂੰ ਦਾਜ ਵੀ ਦਿੱਤਾ ਸੀ।
ਉਸ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਉਸ ਦੇ ਸਹੁਰੇ ਪਰਿਵਾਰ ਵਾਲੇ ਹੋਰ ਦਾਜ ਦੀ ਮੰਗ ਕਰ ਕੇ ਉਸ ਨੂੰ ਪ੍ਰੇਸ਼ਾਨ ਕਰਨ ਲੱਗ ਪਏ ਅਤੇ ਉਸ ਦੇ ਪਤੀ ਨੇ ਦੂਜਾ ਵਿਆਹ ਵੀ ਕਰਵਾ ਲਿਆ। ਇਸ ਸ਼ਿਕਾਇਤ ’ਤੇ ਵਿਆਹੁਤਾ ਦੇ ਪਤੀ ਜਗਤਾਰ ਸਿੰਘ, ਸਹੁਰਾ ਬਲਦੇਵ ਸਿੰਘ ਤੇ ਸੱਸ ਕੁਲਵੰਤ ਕੌਰ ਵਾਸੀ ਘਰਿਆਲਾ ਅਤੇ ਦਿਲਪ੍ਰੀਤ ਕੌਰ ਵਾਸੀ ਮਾਡਲ ਟਾਊਨ, ਜਲੰਧਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਸਵਰਨ ਸਿੰਘ ਵੱਲੋਂ ਜਾਰੀ ਹੈ।