ਲੋਕਾਂ ਵੱਲੋਂ ਪਾਈ ਗਈ ਕਮੇਟੀ ਦੇ ਲੱਖਾਂ ਰੁਪਏ ਲੈ ਕੇ ਪਤੀ-ਪਤਨੀ ਫਰਾਰ

Friday, Aug 30, 2024 - 05:53 PM (IST)

ਅਬੋਹਰ (ਸੁਨੀਲ)- ਸਥਾਨਕ ਸਾਊਥ ਐਵੀਨਿਊ ਦਾ ਰਹਿਣ ਵਾਲਾ ਇਕ ਜੋੜਾ ਦਰਜਨਾਂ ਵਿਅਕਤੀਆਂ ਵੱਲੋਂ ਜਮ੍ਹਾ ਕਰਵਾਏ ਕਮੇਟੀ ਦੇ ਲੱਖਾਂ ਰੁਪਏ ਲੈ ਕੇ ਭੱਜ ਗਿਆ, ਜਿਸ ਦੇ ਘਰ ਨੂੰ ਤਾਲੇ ਲੱਗੇ ਹਨ ਅਤੇ ਨਿਵੇਸ਼ਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਮੇਟੀ ਜਮ੍ਹਾ ਕਰਵਾਉਣ ਵਾਲੇ ਪੀੜਤਾਂ ਨੇ ਸਿਟੀ ਥਾਣਾ ਨੰਬਰ 2 ਦੀ ਪੁਲਸ ਨੂੰ ਸ਼ਿਕਾਇਤ ਪੱਤਰ ਸੌਂਪ ਕੇ ਉਕਤ ਪਤੀ-ਪਤਨੀ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸਾਊਥ ਐਵੀਨਿਊ ਗਲੀ ਨੰਬਰ 3 ਦੀ ਵਸਨੀਕ ਦੀਸ਼ੂ ਚਾਵਲਾ, ਨੀਲੇਸ਼ ਅਤੇ ਹੋਰ ਔਰਤਾਂ ਨੇ ਦੱਸਿਆ ਕਿ ਕਰੀਬ 15 ਮੈਂਬਰਾਂ ਨੇ ਰੀਮਾ ਠੱਠਈ ਪਤਨੀ ਸੰਜੀਵ ਠੱਠਈ ਵਾਸੀ ਸਾਊਥ ਐਵਨਿਓ ਗਲੀ ਨੰ. 3 ਕੋਲ 1000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕਮੇਟੀ (ਕਿਟੀ) ਪਾਈ ਸੀ। ਕਰੀਬ ਢਾਈ ਸਾਲਾਂ ਦੀ ਇਹ ਕਮੇਟੀ ਜੁਲਾਈ 2022 ਨੂੰ ਸ਼ੁਰੂ ਹੋਈ ਅਤੇ ਜੂਨ 2024 ਵਿੱਚ ਪੂਰੀ ਹੋਈ ਸੀ। ਕੁਝ ਮਹਿਲਾਵਾਂ ਨੇ ਤਾਂ ਇਕ ਤੋਂ ਜ਼ਿਆਦਾ ਕਮੇਟੀਆਂ ਵੀ ਇਨ੍ਹਾਂ ਕੋਲ ਪਾ ਰੱਖੀਆਂ ਸੀ।

ਇਹ ਵੀ ਪੜ੍ਹੋ-ਤਨਖ਼ਾਹੀਆ ਕਰਾਰ ਦੇਣ ਮਗਰੋਂ ਬਾਗੀ ਧੜੇ ਨੇ ਸੁਖਬੀਰ ਬਾਦਲ ਤੋਂ ਫਿਰ ਮੰਗਿਆ ਅਸਤੀਫ਼ਾ

ਉਨ੍ਹਾਂ ਨੇ ਦੱਸਿਆ ਕਿ ਜਦੋਂ 15 ਜੂਨ ਨੂੰ ਉਨ੍ਹਾਂ ਦੀ ਕਮੇਟੀ ਪੂਰੀ ਹੋ ਗਈ ਤਾਂ ਉਨ੍ਹਾਂ ਨੇ ਰੀਮਾ ਠੱਠਈ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪਰ ਪਿਛਲੇ ਦੋ ਮਹੀਨਿਆਂ ਤੋਂ ਉਹ ਉਨ੍ਹਾਂ ਨੂੰ ਲਗਾਤਾਰ ਲਾਅਰੇ ਲੱਗਾ ਰਹੀ ਸੀ। ਦੋ ਦਿਨ ਪਹਿਲਾਂ ਜਦੋਂ ਉਹ ਉਕਤ ਔਰਤ ਦੇ ਘਰ ਪੈਸੇ ਲੈਣ ਲਈ ਗਈ ਤਾਂ ਵੇਖਿਆ ਕਿ ਉਨ੍ਹਾਂ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ ਅਤੇ ਉਕਤ ਪਤੀ-ਪਤਨੀ ਉਨ੍ਹਾਂ ਦੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਏ।

ਉਨ੍ਹਾਂ ਸਿਟੀ ਥਾਣਾ ਨੰਬਰ 2 ਤੋਂ ਮੰਗ ਕੀਤੀ ਹੈ ਕਿ ਉਕਤ ਪਤੀ-ਪਤਨੀ ਦਾ ਪਤਾ ਲਗਾ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ। ਜ਼ਿਕਰਯੋਗ ਹੈ ਕਿ ਕਮੇਟੀਆਂ ਦੇ ਨਾਂ ’ਤੇ ਲੋਕਾਂ ਦੇ ਪੈਸੇ ਹੜੱਪਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਪਿਛਲੇ ਹਫ਼ਤੇ ਵੀ ਪੁਰਾਣੀ ਫਾਜ਼ਿਲਕਾ ਰੋਡ ਦਾ ਰਹਿਣ ਵਾਲਾ ਇਕ ਵਿਅਕਤੀ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ- ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ 'ਤੇ ਕੀ ਬੋਲੇ ਡਾ. ਦਲਜੀਤ ਸਿੰਘ ਚੀਮਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News