ਘਰ ਜਾ ਰਹੇ ਹੋਟਲ ਮਾਲਕ ਨਾਲ ਰਸਤੇ ''ਚ ਹੋ ਗਿਆ ਕਾਂਡ, ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਰ''ਤਾ ਹਮਲਾ
Friday, Oct 04, 2024 - 04:49 AM (IST)
ਖਰੜ (ਰਣਬੀਰ) : ਪਿੰਡ ਸੰਤੇ ਮਾਜਰਾ ਤੋਂ ਖ਼ੂਨੀਮਾਜਰਾ ਲਿੰਕ ਰੋਡ ’ਤੇ ਟੈਕਸੀ ਸਵਾਰ ਦੋ ਲੁਟੇਰਿਆਂ ਨੇ ਹੋਟਲ ਮਾਲਕ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਨਕਦੀ ਅਤੇ ਚੇਨ ਲੁੱਟ ਲਈ ਤੇ ਫ਼ਰਾਰ ਹੋ ਗਏ। ਜ਼ਖ਼ਮੀ ਹਾਲਤ ’ਚ ਹੋਟਲ ਮਾਲਕ ਕਿਸੇ ਤਰ੍ਹਾਂ ਆਪਣੇ ਘਰ ਪੁੱਜਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸਿਵਲ ਹਸਪਤਾਲ ਖਰੜ ਲੈ ਗਏ।
ਗੰਭੀਰ ਹਾਲਤ ਦੇਖਦਿਆਂ ਉਨ੍ਹਾਂ ਨੂੰ ਸਿਵਲ ਹਸਪਤਾਲ ਮੋਹਾਲੀ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਪੀੜਤ ਜੁਗਰਾਜ ਸਿੰਘ ਦੇ ਸਿਰ ’ਚ 10 ਟਾਂਕੇ ਲੱਗੇ ਹਨ ਤੇ ਸੱਜੀ ਬਾਂਹ ਤੇ ਹੱਥ ਫ੍ਰੈਕਚਰ ਹੋ ਗਿਆ ਹੈ। ਵਾਰਦਾਤ ਦੀ ਜਾਣਕਾਰੀ ਖਰੜ ਪੁਲਸ ਨੂੰ ਦਿੱਤੀ ਗਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਸਪਤਾਲ ’ਚ ਜ਼ੇਰੇ ਇਲਾਜ਼ ਖ਼ੂਨੀਮਾਜਰਾ ਦੇ ਜੁਗਰਾਜ ਸਿੰਘ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 12 ਵਜੇ ਉਹ ਕੰਮ ਖ਼ਤਮ ਕਰ ਕੇ ਹੋਟਲ ਤੋਂ ਘਰ ਆ ਰਹੇ ਸਨ। ਜਦੋਂ ਉਹ ਖ਼ੂਨੀਮਾਜਰਾ ਤੋਂ ਸੰਤੇ ਮਾਜਰਾ ਪਹੁੰਚੇ ਤਾਂ ਅਚਾਨਕ ਉਸ ਦੀ ਕਾਰ ਕੋਲ ਟੈਕਸੀ ਰੁਕੀ ਤੇ ਦੋ ਨੌਜਵਾਨਾਂ ਨੇ ਸਵਿਫਟ ਕਾਰ ’ਚੋਂ ਉਨ੍ਹਾਂ ਨੂੰ ਜਬਰੀ ਬਾਹਰ ਕੱਢਣ ਤੇ ਚਾਬੀ ਖੋਹਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ- ਦਫ਼ਤਰ 'ਚ ਨਹੀਂ ਬੈਠ ਰਹੇ ਪੰਚਾਇਤ ਸਕੱਤਰ ਸਾਬ੍ਹ, ਚੋਣ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ
ਜਦੋਂ ਜੁਗਰਾਜ ਨੇ ਵਿਰੋਧ ਕੀਤਾ ਤਾਂ ਇਕ ਲੁਟੇਰੇ ਨੇ ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਇਸ ਦੌਰਾਨ ਉਸ ਦੀ ਕਾਰ ਦੀ ਚਾਬੀ ਜੇਬ ’ਚ ਫਸੀ ਰਹੀ, ਜਿਸ ਨੂੰ ਬਦਮਾਸ਼ ਕੱਢ ਨਹੀਂ ਸਕੇ। ਇਸ ਤੋ ਬਾਅਦ ਲੁਟੇਰਿਆਂ ਨੇ ਉਸ ’ਤੇ ਹੋਰ ਵਾਰ ਕੀਤੇ। ਇਸ ਕਾਰਨ ਸੱਜੀ ਬਾਂਹ ’ਚ ਫ੍ਰੈਕਚਰ ਆ ਗਿਆ। ਇਸ ਦੌਰਾਨ ਉਸ ਕੋਲੋਂ 15 ਹਜ਼ਾਰ ਰੁਪਏ ਤੇ ਸੋਨੇ ਦੀ ਚੈਨ ਖੋਹ ਲਈ। ਜੁਗਰਾਜ ਦੇ ਸਿਰ ’ਚ 10 ਟਾਂਕੇ ਲੱਗੇ ਹਨ ਅਤੇ ਹੱਥ ਵੀ ਟੁੱਟ ਗਿਆ।
ਸ਼ੁਰੂਆਤੀ ਜਾਂਚ ’ਚ ਰੋਡ ਰੇਜ ਦਾ ਲੱਗਦੈ ਮਾਮਲਾ : ਡੀ.ਐੱਸ.ਪੀ.
ਡੀ.ਐੱਸ.ਪੀ. ਖਰੜ ਸਿਟੀ-1 ਕਰਨ ਸਿੰਘ ਸੰਧੂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਰੋਡ ਰੇਜ ਦਾ ਮਾਮਲਾ ਲੱਗਦਾ ਹੈ। ਇਸ ’ਚ ਦੋਵੇਂ ਧਿਰਾਂ ਨੂੰ ਸੱਟਾਂ ਲੱਗੀਆਂ ਹਨ। ਮੁਲਜ਼ਮਾਂ ਦੀ ਕਾਰ ਦਾ ਨੰਬਰ ਪਤਾ ਲੱਗ ਚੁੱਕਾ ਹੈ। ਪੁਲਸ ਮੁਲਜ਼ਮਾਂ ਦੀ ਸ਼ਨਾਖ਼ਤ ਦੇ ਕਾਫੀ ਨੇੜੇ ਹੈ। ਫਿਲਹਾਲ ਇਸ ਸਬੰਧੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਜਾਂਚ ’ਚ ਜੋ ਪਹਿਲੂ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪਰਿਵਾਰ ਨੇ ਨੌਜਵਾਨ ਨੂੰ ਸੁਧਾਰਨ ਲਈ ਹਸਪਤਾਲ ਕਰਵਾਇਆ ਦਾਖ਼ਲ, ਸਰੀਰ ਛੱਡ'ਤਾ, ਪਰ ਨਸ਼ਾ ਨਹੀਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e