ਸਰਕਾਰੀ ਸਕੂਲ ਲਹਿਲ ਕਲਾਂ ''ਚ ਅਧਿਆਪਕਾਂ ਦੀਆਂ 29 ''ਚੋਂ 22 ਪੋਸਟਾਂ ਖਾਲੀ

09/28/2018 9:42:02 AM

ਲਹਿਰਾਗਾਗਾ(ਗਰਗ, ਜਿੰਦਲ)— ਬੇਸ਼ੱਕ ਸਰਕਾਰ ਵੱਲੋਂ ਬੱਚਿਆਂ ਨੂੰ ਵਧੀਆ ਅਤੇ ਉੱਚ ਦਰਜੇ ਦੀ ਸਿੱਖਿਆ ਦੇਣ ਲਈ ਪਿਛਲੇ ਸਮੇਂ ਸੂਬੇ 'ਚ ਆਦਰਸ਼ ਸਕੂਲ ਖੋਲ੍ਹੇ ਗਏ ਸਨ ਪਰ ਇਮਾਰਤ ਵਧੀਆ ਬਣਾਉਣ ਦੇ ਬਾਵਜੂਦ ਬੱਚਿਆਂ ਦੀ ਸਿੱਖਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਆਦਰਸ਼ ਸਕੂਲਾਂ ਦੇ ਨਾਂ 'ਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਹੈ ਉਕਤ ਪਿੰਡ ਲਹਿਲ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਦੀ, ਜਿਥੇ ਕਿ ਸਕੂਲ 'ਚ ਸਿੱਖਿਆ ਲੈ ਰਹੇ 350 ਵਿਦਿਆਰਥੀਆਂ ਲਈ ਵਿਭਾਗ ਵੱਲੋਂ 29 ਪੋਸਟਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 22 ਖਾਲੀ ਹਨ । ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਪ੍ਰਿੰਸੀਪਲ ਸਣੇ 2 ਟੀਚਰਾਂ ਨੂੰ ਬਾਹਰਲੇ ਸਟੇਸ਼ਨਾਂ ਤੇ ਡੈਪੂਟੇਸ਼ਨ 'ਤੇ ਸ਼ਿਫਟ ਕੀਤਾ ਜਾ ਚੁੱਕਾ ਹੈ।

3 ਸਾਲਾਂ ਤੋਂ ਪ੍ਰਿੰਸੀਪਲ ਦੀ ਕੁਰਸੀ ਖਾਲੀ—
ਸਕੂਲ 'ਚ ਅਧਿਆਪਕਾਂ ਦੀ ਘਾਟ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਪਿੰਡ ਵਾਸੀਆਂ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਇਕ ਬੈਠਕ ਹੋਈ। ਬੈਠਕ ਉਪਰੰਤ ਸਕੂਲ ਦੇ ਗੇਟ ਅੱਗੇ ਸੰਬੰਧਤ ਵਿਭਾਗ, ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਮਾਪਿਆਂ ਨੇ ਦੱਸਿਆ ਕਿ ਇਥੇ ਵਿਦਿਆਰਥੀਆਂ ਲਈ ਸਿਰਫ 7 ਅਧਿਆਪਕ ਹੀ ਹਨ ਜਦੋਂ ਕਿ ਸਕੂਲ ਸੀਨੀਅਰ ਸੈਕੰਡਰੀ ਹੈ। ਇੱਥੋਂ ਤੱਕ ਕਿ ਪਿਛਲੇ 3 ਸਾਲਾਂ ਤੋਂ ਪ੍ਰਿੰਸੀਪਲ ਦੀ ਕੁਰਸੀ ਖਾਲੀ ਪਈ ਹੈ, ਜਿਨ੍ਹਾਂ ਨੂੰ ਸਕੂਲ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ, ਉਨ੍ਹਾਂ ਕੋਲ ਪਹਿਲਾਂ ਹੀ ਅਜਿਹੇ 7 ਸਕੂਲ ਹਨ।  ਇਸ  ਤਰ੍ਹਾਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਕਾਰ ਉਕਤ ਸਕੂਲਾਂ ਲਈ ਕਿੰਨੀ  ਕੁ ਗੰਭੀਰ ਹੈ।

ਕਦੇ ਵੀ ਕੱਟਿਆ ਜਾ ਸਕਦੈ ਸਕੂਲ ਦਾ ਬਿਜਲੀ ਕੁਨੈਕਸ਼ਨ—
ਪਿਛਲੇ ਲੰਬੇ ਸਮੇਂ ਤੋਂ ਸਕੂਲ ਲਈ ਕੋਈ ਫੰਡ ਨਾ ਆਉਣ ਅਤੇ ਵਿਭਾਗ ਦੀ ਕਥਿਤ ਅਣਦੇਖੀ ਕਾਰਨ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਪਿੰਡ ਵੱਲੋਂ ਕੁਝ ਰੁਪਏ ਇਕੱਠੇ ਕਰ ਕੇ ਬਿਜਲੀ ਦਾ ਬਿੱਲ ਭਰਿਆ ਗਿਆ ਸੀ ਅਤੇ ਕੁਝ ਅਧਿਆਪਕਾਂ ਨੂੰ ਪ੍ਰਾਈਵੇਟ ਤੌਰ 'ਤੇ ਵੀ ਰੱਖਿਆ ਗਿਆ ਹੈ ਪਰ ਹੁਣ ਫਿਰ ਕਰੀਬ 70 ਹਜ਼ਾਰ ਰੁਪਏ ਦਾ ਬਿਜਲੀ ਦਾ ਬਿੱਲ ਬਕਾਇਆ ਹੈ, ਜਿਸ ਕਾਰਨ ਕਿਸੇ ਵੀ ਸਮੇਂ ਸਕੂਲ ਦਾ ਬਿਜਲੀ ਦਾ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ।

ਸਕੂਲ ਨੂੰ ਜਿੰਦਾ ਲਾਉਣ ਦੀ ਚਿਤਾਵਨੀ—
ਪਿੰਡ ਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 2 ਅਕਤੂਬਰ ਤੱਕ ਸਕੂਲ 'ਚ ਪੂਰਾ ਸਟਾਫ ਭੇਜ ਕੇ ਲੋੜੀਂਦੇ ਫੰਡਜ਼ ਉਪਲੱਬਧ ਨਾ ਕਰਵਾਏ ਗਏ ਤਾਂ 4 ਅਕਤੂਬਰ ਨੂੰ ਸਕੂਲ ਨੂੰ ਜਿੰਦਾ ਲਾ ਕੇ ਮਾਪੇ, ਵਿਦਿਆਰਥੀ ਅਤੇ ਪਿੰਡ ਨਿਵਾਸੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦੇਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਦੀ ਹੋਵੇਗੀ। ਇਸ ਸਮੇਂ ਚੇਅਰਮੈਨ ਜਗਦੀਸ਼ ਰਾਏ, ਸਰਪੰਚ ਸਰਬਜੀਤ ਕੌਰ, ਸਾਬਕਾ ਸਰਪੰਚ ਰਣਜੀਤ ਸਿੰਘ ਵਾਲੀਆ, ਦਲਜੀਤ ਸਿੰਘ ਸਰਾਓਂ, ਵਰਿੰਦਰ ਧੱਕੜ, ਅਜੈਬ ਸਿੰਘ, ਜਗਸੀਰ ਸਿੰਘ, ਹਰਨੇਕ ਸਿੰਘ, ਰਿੰਪੀ ਕੌਰ, ਰਿੰਕੂ ਸਿੰਗਲਾ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਉਕਤ ਮਾਮਲੇ 'ਚ ਜਦੋਂ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਹਰਕੰਵਲਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਉਕਤ ਸਕੂਲ 'ਚੋਂ ਅਧਿਆਪਕਾਂ ਦੇ ਡੈਪੂਟੇਸ਼ਨ 'ਤੇ ਜਾਣ ਸਬੰਧੀ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਉਕਤ ਸਕੂਲ ਦੀਆਂ ਫੰਡਜ਼ ਅਤੇ ਅਧਿਆਪਕਾਂ ਦੀ ਘਾਟ ਸਬੰਧੀ ਸਮੱਸਿਆਵਾਂ ਨੂੰ ਸਬੰਧਤ ਮਹਿਕਮੇ ਰਮਸਾ ਦੇ ਕੋਲ ਭੇਜਣਗੇ ਤਾਂ ਜੋ ਇਨ੍ਹਾਂ ਦਾ ਜਲਦੀ ਤੋਂ ਜਲਦੀ ਹੱਲ ਹੋ ਸਕੇ।


Related News