ਗੋਨਿਆਣਾ ਮੰਡੀ : ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਦਹਿਸ਼ਤ

04/04/2021 5:30:55 PM

ਗੋਨਿਆਣਾ (ਗੋਰਾ ਲਾਲ)- ਗੋਨਿਆਣਾ ਮੰਡੀ ’ਚ ਨਿੱਤ ਦਿਨ ਹੋ ਰਹੀਆਂ ਚੋਰੀਆਂ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਤੋਂ ਲੋਕ ਬਹੁਤ ਦੁਖੀ ਹੋ ਗਏ ਹਨ । ਬੀਤੀ ਰਾਤ ਫਿਰ ਗੋਨਿਆਣਾ ਦੇ ਮਾਲ ਰੋਡ ਉਪਰ ਤਿੰਨ ਥਾਵਾਂ ’ਤੇ ਹੋਈਆਂ ਚੋਰੀ ਦੀਆਂ ਵਾਰਦਾਤਾਂ ਨੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਦੌਰਾਨ ਸਥਾਨਕ ਮਾਲ ਰੋਡ ’ਤੇ ਸਥਿਤ ਦੁਕਾਨ ਲਾਲ ਚੰਦ ਮਨੋਹਰ ਲਾਲ ਦੇ ਮਾਲਕ ਦੀਪਕ ਰੋਮਾਣਾ ਨੇ ਦੱਸਿਆ ਕਿ ਉਨ੍ਹਾਂ ਦੇ ਟਿੰਬਰ ਸਟੋਰ ’ਤੇ ਬੀਤੀ ਰਾਤ ਹੋਈ ਵਾਰਦਾਤ ਦੌਰਾਨ ਚੋਰ ਸ਼ਟਰ ਤੋੜ ਕੇ ਤਿੰਨ ਲੱਖ ਰੁਪਏ ਦੀ ਨਕਦੀ, ਇਕ ਖਾਲੀ ਚੈੱਕ ਤੋਂ ਇਲਾਵਾ ਦੁਕਾਨ ’ਚ ਲੱਗਾ ਡੀ. ਵੀ. ਆਰ. ਵੀ ਨਾਲ ਲੈ ਗਏ, ਜਿਸ ਦਾ ਸਾਨੂੰ ਸਵੇਰੇ ਦੁਕਾਨ ’ਤੇ ਆ ਕੇ ਪਤਾ ਲੱਗਾ। ਦੂਸਰੀ ਵਾਰਦਾਤ ਦੌਰਾਨ ਚੋਰਾਂ ਨੇ ਕੁਝ ਦੁਕਾਨਾਂ ਦੀ ਦੂਰੀ ’ਤੇ ਉਗਰਸੈਨ ਐਂਡ ਸੰਜ਼ ਦੀ ਦੁਕਾਨ ਦਾ ਵੀ ਸ਼ਟਰ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਦੁਕਾਨ ’ਤੇ ਬੈਠੀ ਇਕ ਔਰਤ ਨੇ ਪੁਲਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਕੋਲੋਂ ਚੋਰ ਮੋਬਾਈਲ ਖੋਹ ਕੇ ਲੈ ਗਏ ਸਨ ਪਰ ਪੁਲਸ ਨੇ ਕੋਈ ਵੀ ਗੱਲ ਨਹੀਂ ਸੁਣੀ । ਇਥੇ ਹੀ ਬਸ ਨਹੀਂ ਇਕ ਹੋਰ ਵਾਰਦਾਤ ਦੌਰਾਨ ਚੋਰਾਂ ਨੇ ਦੀਪਕ ਪੱਗੜੀ ਸਟੋਰ ਦਾ ਵੀ ਸ਼ਟਰ ਤੋਂ ਕੇ ਗੱਲਾ ਭੰਨਿਆ ਪਰ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ।

ਪੁਲਸ ਅਤੇ ਨਗਰ ਕੌਂਸਲ ਵਲੋਂ ਲਵਾਏ ਸੀ. ਸੀ. ਟੀ. ਵੀ. ਬਣੇ ਚਿੱਟਾ ਹਾਥੀ
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਅਤੇ ਪੁਲਸ ਨੇ ਮਿਲ ਕੇ ਸ਼ਹਿਰ ਨਿਵਾਸੀਆਂ ਦੀ ਸੁਰੱਖਿਆ ਲਈ ਸੀ. ਸੀ. ਟੀ. ਵੀ. ਲਗਵਾ ਕੇ ਮੀਡੀਆ ਰਾਹੀਂ ਕਾਫੀ ਸ਼ੋਹਰਤ ਖੱਟੀ ਸੀ ਪਰ ਕੁਝ ਸਮੇਂ ਬਾਅਦ ਇਹ ਸੀ. ਸੀ. ਟੀ. ਵੀ. ਲਾਵਾਰਿਸ ਹੋਣ ਕਾਰਨ ਚਿੱਟਾ ਹਾਥੀ ਬਣ ਚੁੱਕੇ ਹਨ ਅਤੇ ਪ੍ਰਸ਼ਾਸਨ ਤੇ ਨਗਰ ਕੌਂਸਲ ਦਾ ਮਜ਼ਾਕ ਉਡਾ ਰਹੇ ਹਨ। ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਮੰਡੀ ’ਚ ਖਰਾਬ ਹੋਏ ਕੈਮਰੇ ਜਲਦੀ ਠੀਕ ਕਰਵਾਏ ਜਾਣ ਤੇ ਰਾਤ ਸਮੇਂ ਪੁਲਸ ਦੀ ਗਸ਼ਤ ਵਧਾਈ ਜਾਵੇ। ਇਸ ਸਬੰਧੀ ਜਦੋਂ ਚੌਕੀ ਇੰਚਾਰਜ ਹਰਬੰਸ ਸਿੰਘ ਮਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਾਤ ਸਮੇਂ ਪੁਲਸ ਦੀ ਗਸ਼ਤ ਵਧਾ ਰਹੇ ਹਾਂ ਅਤੇ ਪੁਲਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤੇ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Anuradha

Content Editor

Related News