ਦਾਤਰ ਦੀ ਨੋਕ ’ਤੇ ਨੈਸ਼ਨਲ ਹਾਈਵੇਅ ’ਤੇ ਲੁੱਟਾਂ-ਖੋਹਾਂ ਕਰਨ ਵਾਲੇ 3 ਗ੍ਰਿਫ਼ਤਾਰ
Saturday, Apr 06, 2024 - 02:26 PM (IST)
ਭੋਗਪੁਰ (ਜ.ਬ.)- ਥਾਣਾ ਭੋਗਪੁਰ ਦਿਹਾਤੀ ਦੀ ਪੁਲਸ ਨੇ ਦਾਤਰ ਦੀ ਨੋਕ ’ਤੇ ਨੈਸ਼ਨਲ ਹਾਈਵੇਅ ’ਤੇ ਲੁੱਟਾਂ-ਖੋਹਾਂ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਤੋਂ ਇਕ ਮੋਟਰਸਾਈਕਲ ਅਤੇ ਚੋਰੀ ਦੀਆਂ 2 ਸਕੂਟਰੀਆਂ ਰੰਗ ਚਿੱਟਾ ਅਤੇ 3 ਦਾਤਰ ਕਬਜ਼ੇ ’ਚ ਲਏ ਹਨ। ਜਤਿੰਦਰ ਸਿੰਘ ਇੰਸ/ਮੁੱਖ ਅਫ਼ਸਰ ਥਾਣਾ ਭੋਗਪੁਰ ਦੀ ਟੀਮ ਨੇ 3 ਦੋਸ਼ੀ ਗ੍ਰਿਫ਼ਤਾਰ ਕਰਕੇ ਇਨ੍ਹਾਂ ਤੋਂ ਇਕ ਮੋਟਰਸਾਈਕਲ, 2 ਸਕੂਟਰੀਆਂ ਅਤੇ 3 ਦਾਤਰ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ।
ਇਸ ਸਬੰਧੀ ਸੁਮਿਤ ਸੂਦ ਉਪ ਪੁਲਸ ਕਪਤਾਨ ਸਬ-ਡਿਵੀਜ਼ਨ ਆਦਮਪੁਰ ਨੇ ਦੱਸਿਆ ਕਿ ਮਿਤੀ 3 ਅਪ੍ਰੈਲ ਨੂੰ ਸੁਰਿੰਦਰ ਪੁੱਤਰ ਬੱਲੂ ਰਾਮ ਵਾਸੀ ਪਿੰਡ ਬਲਾਣਾ ਥਾਣਾ ਈਸਰਾਣਾ ਜ਼ਿਲ੍ਹਾ ਪਾਣੀਪਤ ਹਰਿਆਣਾ ਨੇ ਬਿਆਨ ਲਿਖਾਇਆ ਕਿ ਉਹ ਆਪਣਾ ਜੰਮੂ ਵਿਖੇ ਲੋਡ ਉਤਾਰ ਕੇ ਵਾਪਸ ਗੁੜਗਾਓਂ ਜਾ ਰਿਹਾ ਸੀ। ਸਮਾਂ ਕਰੀਬ 3 ਵਜੇ ਉਹ ਅਤੇ ਉਸ ਦਾ ਸਾਂਢੂ ਜੋਤੀ ਢਾਬਾ ਸੱਦਾ ਚੱਕ ਵਿਖੇ ਟਰਾਲਾ ਖੜ੍ਹੇ ਕਰਕੇ ਸੁੱਤੇ ਸਨ ਤਾਂ 3 ਨਾ-ਮਲੂਮ ਵਿਅਕਤੀ ਚਿੱਟੇ ਰੰਗ ਦੀ ਬਿਨਾਂ ਨੰਬਰੀ ਐਕਟਿਵਾ ’ਤੇ ਆਏ, ਜਿਨ੍ਹਾਂ ’ਚੋਂ ਇਕ ਕੋਲ ਦਾਤਰ ਫੜਿਆ ਹੋਇਆ ਸੀ, ਜਿਨ੍ਹਾਂ ਨੇ ਦਾਤਰ ਕੰਡਕਟਰ ਸਾਈਡ ’ਤੇ ਮਾਰ ਕੇ ਸ਼ੀਸ਼ਾ ਭੰਨ ਦਿੱਤਾ ਅਤੇ ਤਾਕੀ ’ਚ ਦੀ ਹੱਥ ਪਾ ਕੇ ਤਾਕੀ ਖੋਲ੍ਹ ਦਿੱਤੀ। 2 ਵਿਅਕਤੀ ਅੰਦਰ ਵੜ ਗਏ ਅਤੇ ਇਕ ਨੇ ਦਾਤਰ ਦਾ ਪੁੱਠਾ ਵਾਰ ਉਸ ਦੇ ਸਾਂਢੂ ਬਲਰਾਜ ਦੇ ਮਾਰਿਆ। ਉਨ੍ਹਾਂ ਨੇ ਦਾਤਰ ਵਿਖਾ ਕੇ ਉਸ ਦੀ ਜੇਬ ’ਚੋਂ 4500 ਰੁਪਏ ਅਤੇ ਹੋਰ ਸਾਮਾਨ ਅਤੇ ਉਸ ਦੇ ਸਾਂਢੂ ਬਲਰਾਜ ਦੀ ਜੇਬ ’ਚੋਂ 20,000 ਰੁਪਏ ਕੱਢ ਕੇ ਸਕੂਟਰੀ ’ਤੇ ਜਲੰਧਰ ਸਾਈਡ ਨੂੰ ਫਰਾਰ ਹੋ ਗਏ।
ਇਹ ਵੀ ਪੜ੍ਹੋ: ਬੱਚਿਆਂ ਦੇ ਜਨਮ ਸਰਟੀਫਿਕੇਟ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
ਇਸ ’ਤੇ ਏ. ਐੱਸ. ਆਈ. ਪਰਮਜੀਤ ਸਿੰਘ ਚੌਕੀ ਇੰਚਾਰਜ ਪਚਰੰਗਾ ਨੇ ਮਾਮਲਾ ਦਰਜ ਕੀਤਾ ਹੈ। ਦੋਸ਼ੀ ਜਗਪ੍ਰੀਤ ਸਿੰਘ ਉਰਫ਼ ਜੱਸੀ ਪੁੱਤਰ ਭੁਲਾ, ਅਜੇ ਸ਼ਰਮਾ ਉਰਫ ਗੋਰਾ ਪੁੱਤਰ ਪ੍ਰਸ਼ਤੋਮ ਲਾਲ, ਅਨਿਲ ਕੁਮਾਰ ਉਰਫ਼ ਹਨੀ ਪੁੱਤਰ ਪਵਨ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਤੋਂ ਵੱਖ-ਵੱਖ ਵਾਰਦਾਤਾਂ ’ਚ ਵਰਤਿਆ ਇਕ ਮੋਟਰਸਾਈਕਲ, ਚੋਰੀ ਦੀਆਂ 2 ਸਕੂਟਰੀਆਂ ਅਤੇ 3 ਦਾਤਰ ਕਬਜ਼ੇ ’ਚ ਲਏ ਗਏ ਹਨ।
ਇਹ ਵੀ ਪੜ੍ਹੋ: ਜਲੰਧਰ ਸਿਟੀ ਸਟੇਸ਼ਨ 'ਤੇ ਵੱਡੀ ਵਾਰਦਾਤ, ਨਿਹੰਗ ਨੇ ਵੈਂਡਰ ਦੇ ਸਿਰ ’ਤੇ ਮਾਰ ਦਿੱਤੀ ਕਿਰਪਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8