ਜ਼ਿੰਦਗੀ ਦਾ ਸੁਨਹਿਰੀ ਦਹਾਕਾ ਸਿੱਖਿਆ ਵਿਭਾਗ ਦੇ ਲੇਖੇ ਲਾਉਣ ਵਾਲੇ ਐੱਸ. ਐੱਸ. ਏ./ਰਮਸਾ ਅਧਿਆਪਕਾਂ ਦੀ ਅਾਵਾਜ਼

12/13/2018 3:27:38 AM

 ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪਿਛਲੇ ਦਸ ਸਾਲਾਂ ਤੋਂ ਵਿਭਾਗੀ ਨਿਯਮਾਂ ਅਨੁਸਾਰ ਮੈਰਿਟ ਅਤੇ ਟੈਸਟ ਦੇ ਅਾਧਾਰ ’ਤੇ ਭਰਤੀ ਹੋਏ ਐੱਸ. ਐੱਸ. ਏ./ਰਮਸਾ ਅਧਿਆਪਕਾਂ ਨੂੰ ਪੰਜਾਬ ਸਰਕਾਰ ਦੁਆਰਾ ਰੈਗੂਲਰ ਕਰਨ ਦੀ ਆਡ਼ ’ਚ ਮੌਜੂਦਾ ਤਨਖਾਹਾਂ ’ਤੇ 65 ਤੋਂ 75 ਫੀਸਦੀ  ਲਾਏ ਕੱਟ ਨੂੰ ਵਾਪਸ ਲੈ ਕੇ ਪੂਰੀਆਂ ਤਨਖਾਹਾਂ ’ਤੇ ਰੈਗੂਲਰ ਕਰੇ। ਇਹ ਸ਼ਬਦ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ ,ਜ਼ਿਲਾ  ਪ੍ਰਧਾਨ ਨਿਰਮਲ ਚੁੰਹਾਣਕੇ ਨੇ ਅੱਜ ਚਿੰਟੂ ਪਾਰਕ ’ਚ ਜ਼ਿਲਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਐੱਸ. ਐੱਸ. ਏ/ਰਮਸਾ ਅਧਿਆਪਕ ਆਪਣੀ ਜ਼ਿੰਦਗੀ ਦਾ ਸੁਨਹਿਰੀ ਦਹਾਕਾ ਸਿੱਖਿਆ ਵਿਭਾਗ ਦੇ ਲੇਖੇ ਲਾ ਚੁੱਕੇ ਹਨ,ਇਸ ਲਈ ਏਨੇ ਲੰਮੇ ਸਮੇਂ ਬਾਅਦ ਉਨ੍ਹਾਂ ਦੀਆਂ ਤਨਖਾਹਾਂ ’ਤੇ ਕਟੌਤੀ ਕਰਨਾ ਸਰਾਸਰ ਧੱਕੇਸ਼ਾਹੀ ਹੈ ਕਿਉਂਕਿ ਹਰ ਅਧਿਆਪਕ ਗ੍ਰਹਿਸਥੀ ਜੀਵਨ ਵਤੀਤ ਕਰ ਰਿਹਾ ਹੈ, ਜਿਸ ਕਰਕੇ ਪਰਿਵਾਰ ਦੇ ਗੁਜ਼ਾਰੇ ਆਦਿ ਦੇ ਖਰਚੇ ਮੌਜੂਦਾ ਤਨਖਾਹ ਦੇ ਅਾਧਾਰ ’ਤੇ ਸੈੱਟ ਕੀਤੇ ਹੋਏ ਹਨ। ਬਹੁਤ ਸਾਰੇ ਅਧਿਆਪਕਾਂ ਨੇ  ਤਨਖਾਹ ਤੋਂ ਬਿਨਾਂ ਕੋਈ ਹੋਰ ਸਹੂਲਤ ਨਾ ਹੋਣ ਕਾਰਨ ਆਪਣੀਆਂ ਜ਼ਰੂਰੀ ਲੋਡ਼ਾਂ ਦੀ ਪੂਰਤੀ ਲਈ ਬੈਂਕਾਂ ਤੋਂ ਕਰਜ਼ੇ ਲਏ ਹੋਏ ਹਨ,ਜਿਸ ਕਰਕੇ ਤਨਖਾਹ ਕਟੌਤੀ ਹੋ ਜਾਣ ਤੋਂ ਉਹ ਬੈਂਕਾਂ ਦੀਆਂ ਕਿਸ਼ਤਾਂ ਨਹੀਂ ਭਰ ਸਕਣਗੇ। ਉਨ੍ਹਾਂ  ਕਿਹਾ ਕਿ 56 ਦਿਨ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ’ਚ ਚੱਲੇ ਪੱਕੇ ਮੋਰਚੇ/ਭੁੱਖ ਹਡ਼ਤਾਲ ਸਮਾਪਤ ਕਰਵਾਉਣ ਪਹੁੰਚੇ ਸਿੱਖਿਆ ਮੰਤਰੀ ਵੱਲੋਂ 1 ਦਸੰਬਰ ਨੂੰ ਕੀਤੇ ਐਲਾਨ ਮੁਤਾਬਕ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਕਰਵਾ ਕੇ ਤਨਖਾਹ ਕਟੌਤੀ ਦਾ ਮਸਲਾ ਜਲਦ ਹੱਲ ਕਰਨਾ ਚਾਹੀਦਾ ਹੈ ਤੇ ਮੌਜੂਦਾ ਸਮੇਂ ਲਾਈ ਪਰਖ ਕਾਲ ਦੀ ਤਿੰਨ ਸਾਲਾਂ ਦੀ ਸ਼ਰਤ ਨੂੰ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਉਹ ਪਹਿਲਾਂ ਹੀ ਦਸ ਸਾਲ ਦਾ ਲੰਮਾ ਸਮਾਂ ਵਿਭਾਗ ’ਚ ਕੰਮ ਕਰ ਚੁੱਕੇ ਹਨ।
ਇਸ ਤੋਂ ਇਲਾਵਾ ਅਧਿਆਪਕਾਂ ਤੇ ਲੰਮੇ ਸਮੇਂ ਤੋਂ ਚੱਲ ਰਹੇ ਝੂਠੇ ਪੁਲਸ ਕੇਸ ਰੱਦ ਕੀਤੇ ਜਾਣ ਅਤੇ ਛੇ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ। ਅੰਤ ’ਚ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਉਹ ਅਗਲੇ ਸੰਘਰਸ਼  ਲਈ ਤਿਆਰ-ਬਰ-ਤਿਆਰ ਰਹਿਣ ਤੇ ਆਉਣ ਵਾਲੀ 16 ਦਸੰਬਰ ਨੂੰ ਜਲੰਧਰ ਸੂਬਾ ਪੱਧਰੀ ਚੇਤਨਾ ਕਨਵੈਨਸ਼ਨ ਕਰ ਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਿੰਦਰ ਪਟਿਆਲਾ, ਸੁਖਦੀਪ ਤਪਾ, ਪਲਵਿੰਦਰ ਠੀਕਰੀਵਾਲਾ, ਅੰਮ੍ਰਿਤ ਹਰੀਗਡ਼੍ਹ, ਮਨਮੋਹਨ ਭੱਠਲ, ਕਮਲਦੀਪ, ਸੁਖਦੇਵ ਭਦੌਡ਼, ਸੋਹਣ ਸਿੰਘ, ਕਮਲਜੀਤ ਸ਼ਰਮਾ, ਸਾਧੂ ਸਿੰਘ, ਸੁਰਿੰਦਰ ਤਪਾ, ਮੈਡਮ ਨਵਜੋਤ ਕੌਰ, ਸੁਖਵਿੰਦਰ ਕੌਰ, ਅਮਨਦੀਪ, ਹਰਪ੍ਰੀਤ ਭਦੌਡ਼ ਆਦਿ ਵੱਡੀ ਗਿਣਤੀ ’ਚ ਅਧਿਆਪਕ ਹਾਜ਼ਰ ਸਨ।


Related News