ਲੜਕੀ ਦਾ ਵਿਆਹ ਕਰਨ ਗਏ ਪਰਿਵਾਰ ਦੇ ਘਰੋਂ ਹੋਈ ਲੱਖਾਂ ਦੀ ਚੋਰੀ

Sunday, Nov 10, 2019 - 08:54 PM (IST)

ਲੜਕੀ ਦਾ ਵਿਆਹ ਕਰਨ ਗਏ ਪਰਿਵਾਰ ਦੇ ਘਰੋਂ ਹੋਈ ਲੱਖਾਂ ਦੀ ਚੋਰੀ

ਪਟਿਆਲਾ, (ਬਲਜਿੰਦਰ)- ਸ਼ਹਿਰ ਦੇ ਤ੍ਰਿਪੜੀ ਇਲਾਕੇ ਦੀ ਗਲੀ ਨੰ. 5 ਵਿਚ ਚੋਰਾਂ ਨੇ ਵਿਆਹ ਵਾਲਾ ਘਰ ਵੀ ਨਾ ਬਖਸ਼ਿਆ। ਜਦੋਂ ਪਰਿਵਾਰ ਪੈਲੇਸ 'ਚ ਵਿਆਹ ਕਰਨ ਲਈ ਗਿਆ ਤਾਂ ਪਿੱਛੋਂ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ 20 ਤੋਲੇ ਸੋਨਾ ਅਤੇ 5 ਲੱਖ ਰੁਪਏ ਚੋਰੀ ਕਰ ਲਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਤ੍ਰਿਪੜੀ ਦੇ ਡਿਊਟੀ ਅਫਸਰ ਏ. ਐੱਸ. ਆਈ. ਜਤਿੰਦਰ ਗਰਗ ਅਤੇ ਹੌਲਦਾਰ ਰਾਜ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਸੁਮਿਤ ਕੁਮਾਰ ਪੁੱਤਰ ਸੁਭਾਸ਼ ਚੰਦ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਏ. ਐੱਸ. ਆਈ. ਜਤਿੰਦਰ ਗਰਗ ਨੇ ਦੱਸਿਆ ਕਿ ਸੁਮਿਤ ਦੇ ਪਿਤਾ ਸੁਭਾਸ਼ ਦੀ ਮੌਤ ਹੋ ਚੁੱਕੀ ਹੈ। ਉਸ ਦੀ ਭੈਣ ਦਾ ਸੁਸ਼ੀਲ ਪੈਲੇਸ ਵਿਚ ਵਿਆਹ ਸੀ। ਚੋਰੀ ਵਾਲੇ ਘਰ ਵਿਚ ਤਿੰਨ ਪਰਿਵਾਰ ਰਹਿੰਦੇ ਹਨ। ਰਾਤ ਨੂੰ ਸਾਰੇ ਘਰ ਨੂੰ ਤਾਲਾ ਲਾ ਕੇ ਵਿਆਹ ਚਲੇ ਗਏ। ਜਦੋਂ ਰਾਤ ਨੂੰ ਪਰਿਵਾਰ ਦੇ ਇਕ ਵਿਅਕਤੀ ਨੇ ਆ ਕੇ ਦੇਖਿਆ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ। ਘਰ ਵਿਚ ਸਾਮਾਨ ਖਿੱਲਰਿਆ ਹੋਇਆ ਸੀ। ਜਦੋਂ ਚੈੱਕ ਕੀਤਾ ਤਾਂ 20 ਤੋਲੇ ਸੋਨਾ ਅਤੇ 5 ਲੱਖ ਰੁਪਏ ਗਾਇਬ ਸਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀਡਿਓ ਫੁਟੇਜ ਕਬਜ਼ੇ ਵਿਚ ਲਈ ਗਈ ਹੈ। ਮਾਮਲੇ ਦੀ ਤੇਜ਼ੀ ਨਾਲ ਜਾਂਚ ਕੀਤੀ ਜਾ ਰਹੀ ਹੈ।


author

Bharat Thapa

Content Editor

Related News