ਸਫ਼ਾਈ ਸੇਵਕਾਂ ਦੀ ਹੜਤਾਲ 13ਵੇਂ ਦਿਨ ''ਚ ਦਾਖ਼ਲ; ਕੂੜੇ ਦੇ ਢੇਰਾਂ ਤੋਂ ਪਰੇਸ਼ਾਨ ਹੋਏ ਲੋਕ

Monday, Jul 20, 2026 - 04:49 PM (IST)

ਸਫ਼ਾਈ ਸੇਵਕਾਂ ਦੀ ਹੜਤਾਲ 13ਵੇਂ ਦਿਨ ''ਚ ਦਾਖ਼ਲ; ਕੂੜੇ ਦੇ ਢੇਰਾਂ ਤੋਂ ਪਰੇਸ਼ਾਨ ਹੋਏ ਲੋਕ

​ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ): ਸਫ਼ਾਈ ਸੇਵਕ ਯੂਨੀਅਨ ਪੰਜਾਬ ਦੀ ਸਥਾਨਕ ਇਕਾਈ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਅੱਜ 13ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਲਗਾਤਾਰ 13ਵੇਂ ਦਿਨ ਵੀ ਸਮੂਹ ਸਫ਼ਾਈ ਸੇਵਕਾਂ ਨੇ ਆਪਣਾ ਕੰਮ-ਕਾਜ ਮੁਕੰਮਲ ਤੌਰ 'ਤੇ ਠੱਪ ਰੱਖਿਆ, ਜਿਸ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਨਾਲ ਲੀਹ ਤੋਂ ਉੱਤਰ ਚੁੱਕੀ ਹੈ। ਗੁੱਸੇ ਵਿਚ ਆਏ ਸਫ਼ਾਈ ਕਰਮਚਾਰੀਆਂ ਨੇ ਅੱਜ ਨਗਰ ਕੌਂਸਲ ਦਫ਼ਤਰ ਦੇ ਮੁੱਖ ਗੇਟ ਸਾਹਮਣੇ ਇਕ ਵਿਸ਼ਾਲ ਰੋਸ ਧਰਨਾ ਦਿੱਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦਾ ਪੁਤਲਾ ਫੂਕਿਆ ਅਤੇ ਸਥਾਨਕ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

PunjabKesari

ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਨੇ ਕਿਹਾ ਕਿ ਜਿੰਨਾ ਚਿਰ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਨਵੀਂ ਭਰਤੀ ਵਰਗੀਆਂ ਅਹਿਮ ਮੰਗਾਂ ਦਾ ਕੋਈ ਠੋਸ ਤੇ ਲਿਖਤੀ ਹੱਲ ਨਹੀਂ ਕਰਦੀ, ਓਨਾ ਚਿਰ ਇਹ ਮੋਰਚਾ ਕਿਸੇ ਵੀ ਕੀਮਤ 'ਤੇ ਪਿੱਛੇ ਨਹੀਂ ਹਟੇਗਾ। ​ਦੂਜੇ ਪਾਸੇ ਯੂਨੀਅਨ ਆਗੂ ਸੁਸ਼ੀਲ ਕੁਮਾਰ, ਅਮਿਤ ਕੁਮਾਰ ਅਤੇ ਵਿਸ਼ਾਲ ਕੁਮਾਰ ਨੇ ਜ਼ੋਰ ਦੇ ਕੇ ਮੰਗ ਕੀਤੀ ਕਿ ਸੀਵਰਮੈਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਤੁਰੰਤ ਆਧੁਨਿਕ ਸੁਰੱਖਿਆ ਕਿੱਟਾਂ ਅਤੇ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ​ਇਸ ਮੌਕੇ ਲੋਕਲ ਪ੍ਰਧਾਨ ਰਾਜ ਕੁਮਾਰ, ਰਾਜਿੰਦਰ ਕੁਮਾਰ, ਸੁਸ਼ੀਲ ਕੁਮਾਰ, ਅਮਿਤ ਕੁਮਾਰ, ਵਿਸ਼ਾਲ ਕੁਮਾਰ, ਸੁਨੀਲ ਕੁਮਾਰ, ਰਾਜਪਾਲ, ਅਸ਼ੋਕ ਕੁਮਾਰ ਅਤੇ ਅਮਨ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਆਗੂ ਅਤੇ ਮਹਿਲਾ ਕਰਮਚਾਰੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 

ਕੂੜੇ ਦੇ ਢੇਰਾਂ 'ਚ ਤਬਦੀਲ ਹੋਇਆ ਇਤਿਹਾਸਕ ਸ਼ਹਿਰ, ਲੋਕਾਂ ਦਾ ਜਿਊਣਾ ਮੁਹਾਲ

​ਸਫ਼ਾਈ ਕਰਮਚਾਰੀਆਂ ਦੀ ਇਸ ਹੜਤਾਲ ਕਾਰਨ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਬਾਜ਼ਾਰਾਂ, ਗਲੀਆਂ ਅਤੇ ਮੁਹੱਲਿਆਂ ਵਿੱਚੋਂ ਕੂੜਾ ਨਾ ਚੁੱਕੇ ਜਾਣ ਕਾਰਨ ਸ਼ਹਿਰ ਦੇ ਮੁੱਖ ਹਿੱਸੇ ਗੰਦਗੀ ਦੇ ਡੰਪ ਵਿੱਚ ਤਬਦੀਲ ਹੋ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਨਗਰ ਕੌਂਸਲ ਦਫ਼ਤਰ ਦੇ ਬਿਲਕੁਲ ਸਾਹਮਣੇ ਹੀ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ। ਸ਼ਹਿਰ ਦੇ ਪ੍ਰਸਿੱਧ ਗੁਰੂ ਗੋਬਿੰਦ ਸਿੰਘ ਪਾਰਕ ਅਤੇ ਸਰਕਾਰੀ ਹਾਈ ਸਕੂਲ (ਲੜਕੇ) ਦੇ ਨਾਲ ਲੱਗਦੀ ਮੁੱਖ ਸੜਕ ਕੂੜੇ ਦੇ ਪਹਾੜ ਵਿਚ ਤਬਦੀਲ ਹੋ ਚੁੱਕੀ ਹੈ। ਇੱਥੋਂ ਲੰਘਣ ਵਾਲੇ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਪਾਰਕ ਵਿੱਚ ਸੈਰ ਕਰਨ ਆਉਣ ਵਾਲੇ ਲੋਕਾਂ ਦਾ ਬਦਬੂ ਕਾਰਨ ਲੰਘਣਾ ਦੁਸ਼ਵਾਰ ਹੋ ਗਿਆ ਹੈ। ਮੌਸਮ ਦੇ ਮੱਦੇਨਜ਼ਰ ਸ਼ਹਿਰ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਲਗਾਤਾਰ ਵਧ ਰਿਹਾ ਹੈ।

​ਯੂਨੀਅਨ ਆਗੂ ਸੁਨੀਲ ਕੁਮਾਰ, ਰਾਜਪਾਲ, ਅਸ਼ੋਕ ਕੁਮਾਰ ਅਤੇ ਅਮਨ ਕੁਮਾਰ ਨੇ ਸਪੱਸ਼ਟ ਕੀਤਾ ਕਿ ਉਹ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ ਉਨ੍ਹਾਂ ਦਾ ਅਜਿਹਾ ਕੋਈ ਮਕਸਦ ਹੈ, ਪਰ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਨੇ ਉਨ੍ਹਾਂ ਨੂੰ ਹੜਤਾਲ ਵਰਗਾ ਸਖ਼ਤ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਸਥਿਤੀ ਹੋਰ ਵਿਗੜਦੀ ਹੈ ਜਾਂ ਕੋਈ ਬਿਮਾਰੀ ਫੈਲਦੀ ਹੈ, ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਸਥਾਨਕ ਨਗਰ ਕੌਂਸਲ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।
 


author

Anmol Tagra

Content Editor

Related News