ਬਤੌਰ ਸਕਿਓਰਿਟੀ ਲਏ ਚੈੱਕ ਰਾਹੀਂ 1.25 ਲੱਖ ਖਾਤੇ ’ਚੋਂ ਕਢਵਾਉਣ ਵਾਲਿਅਾਂ ਵਿਰੁੱਧ ਕੇਸ ਦਰਜ

Friday, Aug 10, 2018 - 01:42 AM (IST)

ਬਤੌਰ ਸਕਿਓਰਿਟੀ ਲਏ ਚੈੱਕ ਰਾਹੀਂ 1.25 ਲੱਖ ਖਾਤੇ ’ਚੋਂ ਕਢਵਾਉਣ ਵਾਲਿਅਾਂ ਵਿਰੁੱਧ ਕੇਸ ਦਰਜ

ਫ਼ਰੀਦਕੋਟ,(ਰਾਜਨ)— ਕਾਰ ਲੋਨ ਕਰਦੇ ਸਮੇਂ ਇਕ ਵਿਅਕਤੀ ਕੋਲੋਂ ਚੈੱਕ ਹਾਸਲ ਕਰ ਕੇ ਉਸ ਦੇ ਬੈਂਕ ਖਾਤੇ ਵਿਚੋਂ 1 ਲੱਖ ਤੋਂ ਵੱਧ ਦੀ ਰਕਮ ਕਢਵਾ ਲੈਣ ਵਾਲੇ 2 ਵਿਅਕਤੀਆਂ ਖਿਲਾਫ਼ ਥਾਣਾ ਸਿਟੀ ਵਿਖੇ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਉਕਤ ਥਾਣੇ ਦੇ ਹੌਲਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨਛੱਤਰ ਸਿੰਘ ਵਾਸੀ ਪਿੰਡ ਸੈਦੇਕੇ (ਫਰੀਦਕੋਟ) ਨੇ 14 ਅਕਤੂਬਰ, 2016 ਨੂੰ ਮੋਗਾ ਦੀ ਇਕ ਕੰਪਨੀ ਕੋਲੋਂ 6,50,000 ਹਜ਼ਾਰ ਰੁਪਏ ਦਾ ਕਾਰ ਲੋਨ ਕਰਵਾਇਆ ਸੀ, ਜਿਸ ਦੀ ਕਿਸ਼ਤ 15,500 ਰੁਪਏ ਪ੍ਰਤੀ ਮਹੀਨਾ ਸੀ ਅਤੇ ਇਹ ਕਰਜ਼ਾ 5 ਸਾਲਾਂ ਵਿਚ ਉਤਾਰਿਆ ਜਾਣਾ ਸੀ।

ਸ਼ਿਕਾਇਤਕਰਤਾ ਨੇ ਇਹ ਸਾਰੀਆਂ ਕਿਸ਼ਤਾਂ ਰੈਗੂਲਰ ਦਿੱਤੀਆਂ ਸਨ। ਉਨ੍ਹਾਂ ਨੇ ਬਤੌਰ ਸਕਿਓਰਿਟੀ ਆਪਣੇ ਬੈਂਕ ਅਕਾਊਂਟ ਨੰਬਰ ਦੇ 5 ਚੈੱਕ ਆਪਣੇ ਪਿੰਡ ਦੇ ਵਸਨੀਕ ਪਿਪਲ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਹਾਜ਼ਰੀ ਵਿਚ ਏਜੰਸੀ ਦੇ ਪੁਨੀਤ ਕੁਮਾਰ ਚਾਵਲਾ ਵਾਸੀ ਫਰੀਦਕੋਟ ਨੂੰ ਦਿੱਤੇ ਸਨ। ਜਦੋਂ ਸ਼ਿਕਾਇਤਕਰਤਾ ਨੇ ਆਪਣਾ ਬੈਂਕ ਅਕਾਊਂਟ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਬੀਤੀ 22 ਮਾਰਚ, 2018 ਨੂੰ 1.25 ਲੱਖ ਰੁਪਏ ਦੀ ਰਾਸ਼ੀ ਰਾਹੁਲ ਕੋਹਲੀ ਨਾਮੀ ਵਿਅਕਤੀ ਨੇ ਕਢਵਾ ਲਈ ਹੈ ਅਤੇ ਜਦੋਂ ਉਸ ਨੇ ਪਡ਼ਤਾਲ ਕੀਤੀ ਤਾਂ ਇਹ ਪਾਇਆ ਗਿਆ ਕਿ ਇਹ ਰਾਸ਼ੀ ਪੁਨੀਤ ਕੁਮਾਰ ਨੂੰ ਦਿੱਤੇ ਗਏ ਚੈੱਕਾਂ ’ਚੋਂ ਇਕ ਚੈੱਕ ਬੈਂਕ ਵਿਚ ਲਾ ਕੇ ਕਢਵਾਈ ਗਈ ਹੈ। ਹੌਲਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਇਸ ਕੇਸ ਦੀ ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਸ਼ਿਕਾਇਤਕਰਤਾ ਨਛੱਤਰ ਸਿੰਘ ਵੱਲੋਂ ਦਿੱਤੇ ਗਏ 5 ਚੈੱਕਾਂ ਵਿਚੋਂ ਸਿਰਫ 4 ਚੈੱਕ, ਜਿਨ੍ਹਾਂ ਦੇ ਨੰਬਰ 2759, 2760, 2762 ਅਤੇ 2763 ਕੰਪਨੀ ਦੇ ਹੈੱਡ ਆਫ਼ਿਸ ਕੋਲਕਾਤਾ ਦਫਤਰ ਵਿਖੇ ਮੌਜੂਦ ਹਨ ਪਰ 5ਵਾਂ ਚੈੱਕ ਨੰਬਰ 2761 ਦਫਤਰ ਵਿਖੇ ਮੌਜੂਦ ਨਹੀਂ ਹੈ।

ਪਡ਼ਤਾਲ ਦੌਰਾਨ ਇਹ ਵੀ ਤੱਥ ਸਾਹਮਣੇ ਆਇਆ ਕਿ ਗਾਹਕਾਂ ਨਾਲ ਹੇਰਾ-ਫੇਰੀ ਕਰਨ ਦੇ ਦੋਸ਼ ਤਹਿਤ ਕੰਪਨੀ ਵੱਲੋਂ 2 ਅਗਸਤ, 2018 ਨੂੰ ਪੁਨੀਤ ਕੁਮਾਰ ਵਾਸੀ ਫਰੀਦਕੋਟ ਨੂੰ ਨੌਕਰੀ ’ਚੋਂ ਕੱਢ ਦਿੱਤਾ ਗਿਆ ਸੀ ਅਤੇ ਇਸ ਸਬੰਧੀ ਅਖਬਾਰ ਵਿਚ ਵੀ ਪ੍ਰਕਾਸ਼ਿਤ ਕਰਵਾ ਦਿੱਤਾ ਗਿਆ ਸੀ। ਪਡ਼ਤਾਲ ਸਮੇਂ ਇਕ ਹੋਰ ਤੱਥ ਸਾਹਮਣੇ ਆਇਆ ਕਿ ਕਾਰ ਲੋਨ ਕਰਨ ਵਾਲੀ ਕੰਪਨੀ ਨੇ ਨਛੱਤਰ ਸਿੰਘ ਕੋਲੋਂ ਸਿਰਫ 4 ਚੈੱਕਾਂ ਦੀ ਹੀ ਮੰਗ ਕੀਤੀ ਸੀ, ਜਦਕਿ ਪੁਨੀਤ ਕੁਮਾਰ ਨੇ ਸ਼ਿਕਾਇਤਕਰਤਾ ਨੂੰ ਧੋਖੇ ਵਿਚ ਰੱਖ ਕੇ ਉਸ ਤੋਂ 5 ਚੈੱਕ ਲੈ ਲਏ ਅਤੇ 4 ਚੈੱਕ ਕੰਪਨੀ ਦੇ ਮੁੱਖ ਦਫਤਰ ਵਿਖੇ ਭੇਜਣ ਉਪਰੰਤ ਪੰਜਵੇਂ ਚੈੱਕ ਰਾਹੀਂ ਰਾਹੁਲ ਕੁਮਾਰ ਵਾਸੀ ਫਰੀਦਕੋਟ ਨਾਲ ਮਿਲੀਭੁਗਤ ਕਰ ਕੇ ਨਛੱਤਰ ਸਿੰਘ ਦੇ ਬੈਂਕ ਖਾਤੇ ਵਿਚ ਚੈੱਕ ਲਾ ਕੇ 1.25 ਲੱਖ ਰੁਪਏ ਕਢਵਾ ਲਏ। ਹੌਲਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਪੁਨੀਤ ਕੁਮਾਰ ਅਤੇ ਰਾਹੁਲ ਕੁਮਾਰ ਵਾਸੀ ਫਰੀਦਕੋਟ ਖਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਜਾਰੀ ਹੈ।


Related News