ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ, ਪਤੀ-ਪਤਨੀ ਸਣੇ 3 ਖਿਲਾਫ ਮਾਮਲਾ ਦਰਜ

Saturday, Apr 25, 2020 - 05:31 PM (IST)

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ, ਪਤੀ-ਪਤਨੀ ਸਣੇ 3 ਖਿਲਾਫ ਮਾਮਲਾ ਦਰਜ

ਮੋਗਾ,(ਆਜ਼ਾਦ)-ਮੋਗਾ ਦੇ ਨੇੜਲੇ ਪਿੰਡ ਲੁਹਾਰਾ 'ਚ ਜਲੰਧਰ ਦੇ ਇਕ ਟ੍ਰੈਵਲ ਏਜੰਟ ਵਲੋਂ 13 ਲੱਖ 58 ਹਜ਼ਾਰ 800 ਰੁਪਏ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਲੁਹਾਰਾ ਨਿਵਾਸੀ ਲਵਪ੍ਰੀਤ ਸਿੰਘ ਨੂੰ ਸਟੱਡੀ ਬੇਸ 'ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਜਲੰਧਰ ਦੇ ਇਕ ਟ੍ਰੈਵਲ ਏਜੰਟ 13 ਲੱਖ 58 ਹਜ਼ਾਰ 800 ਰੁਪਏ ਦੀ ਠੱਗੀ ਕਰ ਕੇ ਫਰਾਰ ਹੋ ਗਿਆ। ਮੋਗਾ ਪੁਲਸ ਨੇ ਜਾਂਚ ਦੇ ਬਾਅਦ ਦੋਸ਼ੀ ਟ੍ਰੈਵਲ ਏਜੰਟ ਅਤੇ ਉਸ ਦੀ ਪਤਨੀ ਸਮੇਤ ਤਿੰਨ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਲਵਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਉਸ ਨੇ ਆਈਲੈਟਸ ਕੀਤੀ ਹੋਈ ਹੈ। ਜਨਵਰੀ 2019 'ਚ ਇਸ਼ਿਤਿਹਾਰ ਰਾਹੀਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਜਲੰਧਰ 'ਚ ਸਥਿਤ ਸਟੱਡੀ ਐਕਸਪ੍ਰੈਸ ਦੇ ਸੰਚਾਲਕ ਕਪਿਲ ਸ਼ਰਮਾ ਅਤੇ ਉਸ ਦੀ ਪਤਨੀ ਅਨੀਤਾ ਸ਼ਰਮਾ ਦੇ ਇਲਾਵਾ ਮਾਤਾ ਪਿੰਕੀ ਸ਼ਰਮਾ ਨਿਵਾਸੀ ਨਿਊ ਗੋਬਿੰਦ ਨਗਰ ਸੋਡਲ ਨਗਰ ਜਲੰਧਰ ਲੋਕਾਂ ਨੂੰ ਵਿਦੇਸ਼ ਭੇਜਦੇ ਹਨ, ਜਿਸ 'ਤੇ ਅਸੀਂ ਜਨਵਰੀ 2019 'ਚ ਉਨ੍ਹਾਂ ਕੋਲ ਪੁੱਜੇ ਅਤੇ ਉਨ੍ਹਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਉਸ ਨੂੰ ਸਟੱਡੀ ਬੇਸ 'ਤੇ ਕੈਨੇਡਾ ਭੇਜ ਦੇਣਗੇ, ਜਿਸ 'ਤੇ ਅਸੀਂ ਉਨ੍ਹਾਂ ਨੂੰ 8 ਲੱਖ ਰੁਪਏ ਤੋਂ ਜ਼ਿਆਦਾ ਪੈਸੇ ਜਮ੍ਹਾ ਕਰਵਾ ਦਿੱਤੇ ਅਤੇ ਆਪਣੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਉਨ੍ਹਾਂ ਨੂੰ ਦੇ ਦਿੱਤੇ।

ਇਸ ਦੇ ਬਾਅਦ ਉਨ੍ਹਾਂ ਸਾਡੇ ਤੋਂ ਹੋਲੀ-ਹੋਲੀ ਕਰ ਕੇ 13 ਲੱਖ 58 ਹਜ਼ਾਰ 800 ਰੁਪਏ ਲੈ ਲਏ ਅਤੇ ਕਿਹਾ ਕਿ ਤੁਹਾਡੀ ਫਾਈਲ ਅਸੀਂ ਕੈਨੇਡਾ ਅੰਬੈਂਸੀ 'ਚ ਲਾ ਦਿੱਤੀ ਹੈ। ਜਲਦ ਹੀ ਕੈਨੇਡਾ ਦਾ ਸਟੱਡੀ ਵੀਜ਼ਾ ਆ ਜਾਵੇਗਾ ਅਤੇ ਆਪਣੀ ਤਿਆਰੀ ਕਰ ਲਓ। ਜਦ ਡੇਢ ਮਹੀਨੇ ਬਾਅਦ ਸਾਨੂੰ ਵੀਜ਼ਾ ਦੀ ਕੋਈ ਜਾਣਕਾਰੀ ਨਾ ਮਿਲੀ ਤਾਂ ਅਸੀਂ ਉਕਤ ਟਰੈਵਲ ਏਜੰਟ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਰਹੇ ਕਿ ਜਲਦ ਹੀ ਤੁਹਾਡਾ ਵੀਜ਼ਾ ਆ ਜਾਵੇਗਾ ਪਰ ਸਾਨੂੰ ਸ਼ੱਕ ਹੋਣ 'ਤੇ ਜਦ ਉਨ੍ਹਾਂ ਦੇ ਦਫਤਰ ਜਲੰਧਰ ਪੁੱਜੇ ਤਾਂ ਦੇਖਿਆ ਕਿ ਜਿੰਦਰਾ ਲੱਗਾ ਹੋਇਆ ਹੈ, ਜਿਸ 'ਤੇ ਅਸੀਂ ਜਲੰਧਰ ਸਥਿਤ ਪੁਲਸ ਥਾਣੇ 'ਚ ਪੁੱਜੇ। ਸਾਨੂੰ ਪੁਲਸ ਨੇ ਦੱਸਿਆ ਕਿ ਟਰੈਵਲ ਏਜੰਟ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ। ਇਸ ਤਰ੍ਹਾਂ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਸਾਡੇ ਨਾਲ 13 ਲੱਖ 58 ਹਜ਼ਾਰ 800 ਰੁਪਏ ਦੀ ਠੱਗੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਸਾਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ।

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਦਾ ਆਦੇਸ਼ ਦਿੱਤਾ। ਇਸ ਦੀ ਜਾਂਚ ਐੱਸ. ਪੀ. ਆਈ. ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਪਰ ਦੋਸ਼ੀ ਜਾਂਚ ਵਿਚ ਸ਼ਾਮਲ ਨਹੀਂ ਹੋਏ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਟਰੈਵਲ ਏਜੰਟ ਕਪਿਲ ਸ਼ਰਮਾ, ਉਸਦੀ ਪਤਨੀ ਅਨੀਤਾ ਸ਼ਰਮਾ ਅਤੇ ਉਨ੍ਹਾਂ ਦੀ ਮਾਂ ਪਿੰਕੀ ਸ਼ਰਮਾ ਨਿਵਾਸੀ ਜਲੰਧਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰ ਰਹੇ ਹਨ ਪਰ ਅਜੇ ਤੱਕ ਉਹ ਕਾਬੂ ਨਹੀਂ ਆ ਸਕੇ। ਜਿਨ੍ਹਾਂ ਦੀ ਤਲਾਸ਼ ਜਾਰੀ ਹੈ।


author

Deepak Kumar

Content Editor

Related News