ਕਿਰਾਏਦਾਰਾਂ ਦੀ ਸੂਚਨਾ ਨਾ ਦੇਣ ਵਾਲੇ 3 ਮਕਾਨ ਮਾਲਕਾਂ ਖ਼ਿਲਾਫ਼ ਮਾਮਲਾ ਦਰਜ

Saturday, Jan 24, 2026 - 03:17 PM (IST)

ਕਿਰਾਏਦਾਰਾਂ ਦੀ ਸੂਚਨਾ ਨਾ ਦੇਣ ਵਾਲੇ 3 ਮਕਾਨ ਮਾਲਕਾਂ ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਖੁੱਲਰ) : ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਮਕਾਨ ਮਾਲਕਾਂ ਖ਼ਿਲਾਫ਼ ਫਿਰੋਜ਼ਪੁਰ ਪੁਲਸ ਨੇ ਸ਼ਿਕੰਜਾ ਕੱਸਿਆ ਹੈ। ਵੱਖ-ਵੱਖ ਮਾਮਲਿਆਂ 'ਚ ਪੁਲਸ ਨੇ ਤਿੰਨ ਅਜਿਹੇ ਮਕਾਨ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ, ਜਿਨ੍ਹਾਂ ਨੇ ਆਪਣੇ ਘਰਾਂ 'ਚ ਬਾਹਰਲੇ ਰਾਜਾਂ ਦੇ ਕਿਰਾਏਦਾਰ ਤਾਂ ਰੱਖੇ ਹੋਏ ਸਨ ਪਰ ਉਨ੍ਹਾਂ ਦੀ ਜਾਣਕਾਰੀ ਪੁਲਸ ਜਾਂ ਪ੍ਰਸ਼ਾਸਨ ਨੂੰ ਨਹੀਂ ਦਿੱਤੀ ਸੀ। ਪੁਲਸ ਨੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਗਸ਼ਤ ਦੌਰਾਨ ਮੁਖ਼ਬਰ ਦੀ ਇਤਲਾਹ ’ਤੇ ਰੌਸ਼ਨ ਸਿੰਘ ਵਾਸੀ ਗਲੀ ਨੰਬਰ-6, ਰਿੱਖੀ ਕਾਲੋਨੀ ਖ਼ਿਲਾਫ਼ ਕਾਰਵਾਈ ਕੀਤੀ ਗਈ।

ਉਸ ਨੇ ਬਾਹਰਲੀ ਸਟੇਟ ਦੇ ਕਿਰਾਏਦਾਰਾਂ ਦੀ ਸੂਚਨਾ ਦਫ਼ਤਰ ਡਿਪਟੀ ਕਮਿਸ਼ਨਰ ਜਾਂ ਪੁਲਸ ਨੂੰ ਨਹੀਂ ਦਿੱਤੀ ਸੀ। ਇਸੇ ਤਰ੍ਹਾਂ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਗੁਰਚਰਨ ਸਿੰਘ ਵਾਸੀ ਗਲੀ ਸੋਢੀਆਂ ਵਾਲੀ, ਬਸਤੀ ਭੱਟੀਆ ਵਾਲੀ ਨੇ ਵੀ ਨਿਯਮਾਂ ਦੀ ਉਲੰਘਣਾ ਕਰਦਿਆਂ ਬਿਨਾਂ ਪੁਲਸ ਵੈਰੀਫਿਕੇਸ਼ਨ ਦੇ ਕਿਰਾਏਦਾਰ ਰੱਖੇ ਹੋਏ ਸਨ। ਥਾਣਾ ਤਲਵੰਡੀ ਭਾਈ ਦੇ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਅਜੀਤ ਨਗਰ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਵੀ ਆਪਣੇ ਮਕਾਨ ਵਿਚ ਬਾਹਰਲੇ ਰਾਜ ਦੇ ਕਿਰਾਏਦਾਰ ਰੱਖੇ ਸਨ, ਜਿਸ ਸਬੰਧੀ ਪ੍ਰਸ਼ਾਸਨ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਸੀ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News