ਆਧਾਰ ਕਾਰਡ ਆਨਲਾਈਨ ਬਣਾ ਕੇ ਦੇਣ ਦੇ ਬਹਾਨੇ ਮਹਿਲਾ ਨਾਲ 60 ਹਜ਼ਾਰ ਦੀ ਠੱਗੀ

Saturday, Jun 08, 2019 - 09:59 AM (IST)

ਆਧਾਰ ਕਾਰਡ ਆਨਲਾਈਨ ਬਣਾ ਕੇ ਦੇਣ ਦੇ ਬਹਾਨੇ ਮਹਿਲਾ ਨਾਲ 60 ਹਜ਼ਾਰ ਦੀ ਠੱਗੀ

ਪਟਿਆਲਾ (ਜੋਸਨ)—ਅੱਜਕਲ ਲੋਕਾਂ ਨੂੰ ਹਾਈਟੈੱਕ ਕਰਨ ਲਈ ਸਰਕਾਰ ਪੱਬਾਂ ਭਾਰ ਹੈ। ਉਸ ਤੋਂ ਕਿਤੇ ਵੱਧ ਹਾਈਟੈੱਕ ਠੱਗ ਬੈਠੇ ਹਨ, ਜੋ ਲੋਕਾਂ ਨਾਲ ਆਨਲਾਈਨ ਠੱਗੀਆਂ ਮਾਰ ਰਹੇ ਹਨ। ਇਨ੍ਹਾਂ ਠੱਗਾਂ ਦਾ ਨਾ ਤਾਂ ਸਰਕਾਰ ਅਤੇ ਨਾ ਹੀ ਪੁਲਸ ਅਜੇ ਤੱਕ ਕੁਝ ਕਰ ਸਕੀ ਹੈ। ਅਜਿਹਾ ਹੀ ਮਾਮਲਾ ਬੀਤੇ ਦਿਨੀਂ ਪਟਿਆਲਾ ਵਿਖੇ ਵੇਖਣ ਨੂੰ ਮਿਲਿਆ ਹੈ। ਇੱਥੇ ਪਟਿਆਲਾ ਵਾਸੀ ਮਹਿਲਾ ਪਰਵਿੰਦਰ ਕੌਰ ਨਾਲ 60 ਹਜ਼ਾਰ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮਿਲੀ ਹੈ ਕਿ ਉਕਤ ਮਹਿਲਾ ਨੂੰ ਕਿਸੇ ਵਿਅਕਤੀ ਦਾ ਮੋਬਾਇਲ ਨੰਬਰ 98048-62531 ਤੋਂ ਫੋਨ ਆਇਆ। ਉਸ ਨੇ ਕਿਹਾ ਕਿ ਮੈਂ ਸਟੇਟ ਬੈਂਕ ਆਫ ਇੰਡੀਆਂ ਤੋਂ ਬੋਲ ਰਿਹਾ ਹਾਂ। ਤੁਹਾਡਾ ਆਧਾਰ ਕਾਰਡ ਖਾਤੇ ਨਾਲ ਲਿੰਕ ਨਹੀਂ ਹੈ। ਇਸ ਲਈ ਆਪਣਾ ਆਧਾਰ ਕਾਰਡ ਅਤੇ ਏ. ਟੀ. ਐੈੱਮ. ਕਾਰਡ ਨੰਬਰ ਲਿਖਾਓ। ਉਸ ਮਹਿਲਾ ਨੇ ਤੁਰੰਤ ਆਪਣਾ ਏ. ਟੀ. ਐੈੱਮ. ਅਤੇ ਆਧਾਰ ਕਾਰਡ ਨੰਬਰ ਲਿਖਵਾ ਦਿੱਤਾ। ਇਸ ਤੋਂ ਬਾਅਦ ਜੋ ਓ. ਟੀ. ਪੀ. ਫੋਨ 'ਤੇ ਆਇਆ, ਉਸ ਮਹਿਲਾ ਤੋਂ ਉਹ ਵੀ ਪੁੱਛ ਲਿਆ ਗਿਆ ਅਤੇ ਕਹਿ ਦਿੱਤਾ ਕਿ ਤੁਸੀਂ ਆਪਣੇ ਮੋਬਾਇਲ 'ਤੇ ਆਏ ਸਾਰੇ ਮੈਸਜ਼ ਡਿਲੀਟ ਕਰ ਦਿਓ। ਜਦੋਂ ਮਹਿਲਾ ਨੇ ਅਜਿਹਾ ਹੀ ਕੀਤਾ ਤਾਂ ਕੁਝ ਹੀ ਦੇਰ ਵਿਚ 60 ਹਜ਼ਾਰ ਰੁਪਏ ਨਿਕਲ ਚੁੱਕੇ ਸਨ। ਇਸ ਤੋਂ ਬਾਅਦ ਮਹਿਲਾ ਬੇਵੱਸ ਦਿਖਾਈ ਦਿੱਤੀ। ਉਸ ਨੇ ਤੁਰੰਤ ਥਾਣਾ ਤ੍ਰਿਪੜੀ ਅਤੇ ਸਬੰਧਤ ਬੈਂਕ ਬ੍ਰਾਂਚ ਨਾਲ ਸੰਪਰਕ ਕੀਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Shyna

Content Editor

Related News