ਗਰੀਬ ਪਰਿਵਾਰ ਦਾ ਡਿੱਗਿਆ ਮਕਾਨ ਪੰਜ ਬੱਕਰੀਆਂ ਦੀ ਹੋਈ ਮੌਤ
Saturday, Apr 19, 2025 - 07:34 PM (IST)

ਭਵਾਨੀਗੜ੍ਹ (ਕਾਸਲ, ਸੰਜੀਵ) - ਨੇੜਲੇ ਪਿੰਡ ਬਲਿਆਲ ਵਿਖੇ ਇੱਕ ਗਰੀਬ ਪਰਿਵਾਰ ਦਾ ਮਕਾਨ ਬੀਤੇ ਸ਼ਾਮ ਤੇਜ ਹਨੇਰੀ ਝੱਖੜ ਆਉਣ ਕਾਰਨ ਡਿੱਗ ਗਿਆ।ਜ਼ਿਕਰਯੋਗ ਹੈ ਕਿ ਪੀੜਿਤ ਵਿਅਕਤੀ ਦਿਹਾੜੀ ਮਜ਼ਦੂਰੀ ਕਰਨ ਲਈ ਕੰਮ ਤੇ ਗਿਆ ਹੋਇਆ ਸੀ ਅਤੇ ਉਸਦੀ ਘਰਵਾਲੀ ਪੇਕੇ ਗਈ ਹੋਈ ਸੀ। ਘਰ ਇੱਕ ਬੱਚੀ ਹੀ ਸੀ, ਜਦੋਂ ਤੇਜ਼ ਹਨੇਰੀ ਝੱਖੜ ਆਇਆ ਤਾਂ ਨਾਲ ਲੱਗਦੇ ਇੱਕ ਮਕਾਨ ਦੀਆਂ ਇੱਟਾਂ ਉਸ ਦੇ ਘਰ ਉੱਪਰ ਡਿੱਗ ਗਈਆਂ ਜਿਸ ਕਾਰਨ ਉਸਦੇ ਤਿੰਨੋਂ ਕਮਰਿਆਂ ਦੀ ਸੱਤਾਂ ਢਹਿ ਢੇਰੀ ਹੋ ਗਈਆਂ। ਮਕਾਨ ਦੇ ਅੰਦਰ ਕੋਈ ਵੀ ਵਿਅਕਤੀ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾ ਰਹਿ ਗਿਆ। ਪੀੜਤ ਹਰਵਿੰਦਰ ਸਿੰਘ ਪਿੰਡ ਬਲਿਆਲ ਨੇ ਦੱਸਿਆ ਕਿ ਮਕਾਨ ਦੀਆਂ ਸੱਤਾਂ ਡਿੱਗਣ ਕਾਰਨ ਉਸ ਦੇ ਘਰ ਅੰਦਰ ਪਏ ਸਮਾਨ ਦਾ ਮਲੀਆ ਮੇਟ ਹੋ ਗਿਆ ਅਤੇ ਬੱਕਰੀਆਂ ਦੇ ਪੰਜ ਮੇਮਨੇ ਮਿੱਟੀ ਹੇਠ ਦੱਬ ਕੇ ਮਰ ਗਏ ਹਨ ਜਿਸ ਨਾਲ ਉਸਦਾ ਬਹੁਤ ਜਿਆਦਾ ਮਾਲੀ ਨੁਕਸਾਨ ਹੋਇਆ ਹੈ। ਪਿੰਡ ਦੇ ਸਰਪੰਚ ਜਗਮੀਤ ਸਿੰਘ ਭੋਲਾ ਨੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਦੀ ਭਰਭਾਈ ਕੀਤੀ ਜਾ ਸਕੇ।