ਫਿਟਨੈੱਸ ਸਰਟੀਫਿਕੇਟ ਬਣਾਉਣ ਦੇ ਫਰਜ਼ੀਵਾੜੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਵੀ ਨਹੀਂ ਹੋਈ ਕਾਰਵਾਈ

Friday, Apr 11, 2025 - 01:21 PM (IST)

ਫਿਟਨੈੱਸ ਸਰਟੀਫਿਕੇਟ ਬਣਾਉਣ ਦੇ ਫਰਜ਼ੀਵਾੜੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਵੀ ਨਹੀਂ ਹੋਈ ਕਾਰਵਾਈ

ਮਲੋਟ (ਜੁਨੇਜਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਅੰਦਰ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਤਹਿਤ ਪਿਛਲੇ ਦਿਨੀਂ ਵਿਜੀਲੈਂਸ ਵੱਲੋਂ ਜਿੱਥੇ ਰਾਜ ਅੰਦਰ ਵੱਖ-ਵੱਖ ਜ਼ਿਲਿਆਂ ਵਿਚ ਬਣੇ ਟਰਾਂਸਪੋਰਟ ਦਫ਼ਤਰਾਂ ’ਚ ਇਕੋ ਸਮੇਂ ਚੈਕਿੰਗ ਕੀਤੀ ਗਈ। ਉਥੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਆਰ. ਟੀ. ਓ. ਦਫ਼ਤਰਾਂ ਤੇ ਤਹਿਸੀਲਾਂ ’ਚ ਅਜੇ ਵੀ ਕੁਝ ਇਕ ਦਲਾਲਾਂ ਦਾ ਰਾਜ ਚੱਲ ਰਿਹਾ ਹੈ। ਇਸ ਸਬੰਧੀ ਕਰੀਬ 6 ਮਹੀਨੇ ਪਹਿਲਾਂ ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਅੰਦਰ ਆਰ. ਟੀ. ਓ. ਦਫ਼ਤਰ ਨਾਲ ਸਬੰਧਤ ਇਕ ਦਲਾਲ ਵੱਲੋਂ ਜਾਅਲੀ ਫਿਟਨੈੱਸ ਸਰਟੀਫਿਕੇਟ ਬਣਾਉਣ ਦੇ ਘਪਲੇ ਦਾ ਪਰਦਾਫਾਸ਼ ਹੋ ਗਿਆ ਸੀ ਪਰ ਇੰਝ ਲੱਗਦਾ ਹੈ ਕਿ ਉਕਤ ਦਲਾਲ ਵਿਰੁੱਧ ਕਾਰਵਾਈ ਦੀ ਬਜਾਏ, ਸਰਕਾਰੀਆਂ ਤੇ ਦਰਬਾਰੀਆਂ ਦਾ ਉਸ ਨੂੰ ਬਚਾਉਣ ਲਈ ਸਾਰਾ ਜ਼ੋਰ ਲੱਗ ਰਿਹਾ ਹੈ। ਜਿਸ ਕਰ ਕੇ ਜਾਅਲਸਾਜ਼ੀ ਕਰਨ ਵਾਲੇ ਵਿਅਕਤੀ ਤੇ ਗਿਰੋਹ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ।

ਕੀ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ 7 ਮਹੀਨੇ ਪਹਿਲਾਂ ਰੀਜਨਲ ਟਰਾਂਸਪੋਰਟ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੂੰ ਇਕ ਪੱਤਰ ਭੇਜ ਕੇ ਕਿਹਾ ਕਿ ਉਨ੍ਹਾਂ ਕੋਲ ਲਾਇਸੈਂਸ ਬਣਾਉਣ ਸਬੰਧੀ ਆਈਆਂ ਆਨਲਾਈਨ ਅਰਜ਼ੀਆਂ ’ਚ ਜਫ਼ਰਪਾਲ ਸਿੰਘ ਢਿੱਲੋਂ ਪੁੱਤਰ ਹਰਜਿੰਦਰ ਸਿੰਘ ਵਾਸੀ ਫਤੂਹੀਖੇੜਾ ਤੇ ਪ੍ਰਕਾਸ਼ ਸਿੰਘ ਪੁੱਤਰ ਗੁਰਬਖਸ਼ ਸਿੰਘ ਲੰਬੀ ਢਾਬ ਵੱਲੋਂ ਜਿਹੜੇ ਫਿਟਨੈੱਸ ਸਰਟੀਫਿਕੇਟ ਨਾਲ ਲਾਏ ਹਨ, ਉਨ੍ਹਾਂ ਦੇ ਅਸਲੀ ਹੋਣ ’ਤੇ ਸ਼ੰਕਾ ਹੈ। ਇਸ ਲਈ ਸਿਵਲ ਸਰਜਨ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਨੂੰ ਭੇਜ ਕੇ ਹਦਾਇਤ ਕੀਤੀ ਕਿ 3 ਦਿਨਾਂ ਅੰਦਰ ਇਨ੍ਹਾਂ ਸਰਟੀਫਿਕੇਟਾਂ ਦੀ ਜਾਂਚ ਕਰ ਕੇ ਰੀਜਨਲ ਟਰਾਂਸਪੋਰਟ ਅਥਾਰਟੀ ਨੂੰ ਦੱਸਿਆ ਜਾਵੇ।

ਇਹ ਸਰਟੀਫਿਕੇਟ ਸਿਵਲ ਹਸਪਤਾਲ ਮਲੋਟ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਜਾਰੀ ਸਨ। ਇਸ ਲਈ ਸਿਵਲ ਸਰਜਨ ਦਫ਼ਤਰ ਤੋਂ ਆਈ ਹਦਾਇਤ ਤੋਂ ਬਾਅਦ ਫੌਰਨ ਕਾਰਵਾਈ ਕਰਦਿਆਂ ਦੋਵਾਂ ਹਸਪਤਾਲਾਂ ਦੇ ਐੱਸ. ਐੱਮ. ਓਜ਼. ਨੇ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੂੰ ਇਨ੍ਹਾਂ ਸਰਟੀਫਿਕੇਟਾਂ ਦੇ ਜਾਅਲੀ ਹੋਣ ਦੀ ਪੁਸ਼ਟੀ ਕੀਤੀ। ਇਸ ਸਬੰਧੀ ਮਲੋਟ ਸਿਵਲ ਹਸਪਤਾਲ ’ਚ ਬਣੀ ਪੜਤਾਲੀਆਂ ਟੀਮ ਦੇ ਇੰਚਾਰਜ ਡਾ. ਵਿਕਾਸ ਬਾਂਸਲ ਨੇ ਪੱਤਰ ਰਾਹੀਂ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਰ ਤੋਂ ਇਲਾਵਾ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਭੇਜੀ ਰਿਪੋਰਟ ’ਚ ਮਲੋਟ ਤੋਂ ਜਾਰੀ ਸਾਰਟੀ ਫਿਕੇਟ ਦੇ ਜਾਅਲੀ ਬਣੇ ਹੋਣ ਦੀ ਪੁਸ਼ਟੀ ਕੀਤੀ।

ਇਸ ਰਿਪੋਰਟ ’ਚ ਜਿੱਥੇ ਸਬੰਧਤ ਡਾ. ਚੇਤਨ ਖੁਰਾਣਾ ਨੇ ਆਪਣੇ ਦਸਤਖਤ ’ਤੇ ਮੋਹਰ ਨਾ ਹੋਣ ਦੀ ਗੱਲ ਕਹੀ। ਉਥੇ ਇਹ ਫਿਟਨੈੱਸ ਸਰਟੀਫਿਕੇਟ ਹਾਸਲ ਕਰਨ ਵਾਲੇ ਵਿਅਕਤੀ ਜਫ਼ਰਪਾਲ ਨੇ ਮਲੋਟ ਸਿਵਲ ਹਸਪਤਾਲ ’ਚ ਲਿਖਤੀ ਤੌਰ ’ਤੇ ਦਿੱਤਾ ਕਿ ਉਹ ਸਰਟੀਫਿਕੇਟ ਲੈਣ ਲਈ ਕਦੇ ਮਲੋਟ ਸਰਕਾਰੀ ਹਸਪਤਾਲ ਨਹੀਂ ਆਇਆ। ਸਗੋਂ ਉਸ ਨੇ ਲਾਇਸੈਂਸ ਰੀਨਿਊ ਲਈ ਮਲੋਟ ਤਹਿਸੀਲ ’ਚ ਇਕ ਟਾਇਪਇਸਟ ਸੰਜੂ ਨੂੰ ਪੈਸੇ ਦਿੱਤੇ ਸਨ। ਇਸ ਮਾਮਲੇ ’ਤੇ ਉਕਤ ਸੰਜੂ ਨਾਂ ਦਾ ਵਿਅਕਤੀ ਹਸਪਤਾਲ ਜਾਂਚ ’ਚ ਪੇਸ਼ ਹੋਣ ਤੱਕ ਨਹੀਂ ਆਇਆ। ਇਸ ਸਬੰਧੀ ਡਾ. ਵਿਕਾਸ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਚ ਅਧਿਕਾਰੀਆਂ ਨੂੰ ਭੇਜੀ ਰਿਪੋਰਟ ’ਚ ਇਸ ਜਾਅਲਸਾਜ਼ੀ ਦਾ ਖੁਲਾਸਾ ਕੀਤਾ ਸੀ ਤੇ ਇਸ ਮਾਮਲੇ ਦੇ ਐੱਫ. ਆਈ. ਆਰ. ਦਰਜ ਕਰਨ ਦੀ ਸਿਫਾਰਿਸ਼ ਕੀਤੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ 6 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਇਸ ਮਾਮਲੇ ’ਤੇ ਨਾ ਜ਼ਿਲਾ ਪੁਲਸ ਪ੍ਰਸ਼ਾਸਨ, ਨਾ ਸਿਵਲ ਸਰਜਨ ਤੇ ਨਾ ਹੀ ਆਰ. ਟੀ. ਓ. ਦਫ਼ਤਰ ਵੱਲੋਂ ਕਨੂੰਨੀ ਕਾਰਵਾਈ ਲਈ ਕੋਈ ਯਤਨ ਕੀਤਾ ਹੈ। ਸਗੋਂ ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਕਈ ਅਧਿਕਾਰੀ ਇਸ ਚਹੇਤੇ ਦਲਾਲ ਨੂੰ ਬਚਾਉਣ ਲਈ ਯਤਨ ਕਰਦੇ ਦਿਖਾਈ ਦਿੱਤੇ ਹਨ।

ਵੱਡਾ ਘੁਟਾਲਾ

ਇਸ ਸਬੰਧੀ ਸੂਤਰਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਸਿਰਫ ਦੋ ਫਿਟਨੈੱਸ ਸਰਟੀਫਕੇਟਾਂ ਦੀ ਜਾਂਚ ਕਰਾਈ, ਜੋ ਦੋਵੇਂ ਜਾਅਲੀ ਨਿਕਲੇ ਪਰ ਮਲੋਟ ਦੇ ਉਕਤ ਦਲਾਲ ਨੇ ਸਥਾਨਕ ਤੇ ਆਸਪਾਸ ਜ਼ਿਲਿਆਂ ’ਚ ਸੈਂਕੜੇ ਅਜਿਹੇ ਸਰਟੀਫਿਕੇਟ ਬਣਾ ਕੇ ਲਾਏ ਹਨ। ਜਿਨ੍ਹਾਂ ਦੀ ਪੜਤਾਲ ਕਰਾਉਣ ਦੀ ਬਜਾਏ ਮਾਮਲਾ ਠੰਢੇ ਬਸਤੇ ’ਚ ਪਾਇਆ ਗਿਆ ਹੈ। ਇੰਨਾ ਹੀ ਨਹੀਂ ਉਕਤ ਵਿਅਕਤੀ ਕੋਲ ਅਰਜੀਨਵੀਸ ਦਾ ਲਾਇਸੈਂਸ ਤੱਕ ਨਹੀਂ ਪਰ ਪਿਛਲੇ ਸਾਲਾਂ ’ਚ ਤਹਿਸੀਲ ਅੰਦਰ ਸਭ ਤੋਂ ਵੱਧ ਰਜਿਸਟਰੀਆਂ ਉਕਤ ਵਿਅਕਤੀ ਨੇ ਕਰਵਾਈਆਂ ਤੇ ਲੱਖਾਂ ਰੁਪਏ ਲੋਕਾਂ ਤੋਂ ਕਮਿਸ਼ਨ ਦੇ ਤੇ ਰਿਸ਼ਵਤ ਦੇ ਵਸੂਲੇ, ਜਿਸ ਲਈ ਲੋਕਾਂ ’ਚ ਹਾਹਾਕਾਰ ਮੱਚੀ ਹੋਈ ਹੈ।

ਸਰਕਾਰੀ ਕਰਮਚਾਰੀ ਦੇ ਨਾਂ ’ਤੇ ਅਲਾਟ ਬੂਥ ਸਮੇਤ ਤਿੰਨ ਦਫ਼ਤਰ ਚੱਲਦੇ ਹਨ

ਜਾਣਕਾਰਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਨਵੇਂ ਅਰਜ਼ੀਨਵੀਸ ਜਾਂ ਟਾਇਪ ਰਾਈਟਰ ਨੂੰ ਰੋਜ਼ਗਾਰ ਚਲਾਉਣ ਲਈ ਫੱਟਾ ਰੱਖਣ ਨੂੰ ਥਾਂ ਮਿਲਣੀ ਮੁਸ਼ਕਿਲ ਹੈ। ਉਸ ਵੇਲੇ ਉਕਤ ਦਲਾਲ ਦੇ ਮਲੋਟ ਤਹਿਸੀਲ ਅੰਦਰ ਤਿੰਨ ਦੁਕਾਨਾਂ ’ਚ ਦਫ਼ਤਰ ਚੱਲ ਰਹੇ ਹਨ। ਜਿਨ੍ਹਾਂ ’ਚੋਂ ਇਕ ਫਾਜ਼ਿਲਕਾ ਜ਼ਿਲੇ ’ਚ ਸਹਾਇਕ ਆਰ. ਟੀ. ਓ. ਦਫ਼ਤਰ ’ਚ ਤਾਇਨਾਤ ਸਰਕਾਰੀ ਨੌਕਰੀ ਕਰ ਰਹੇ ਇਕ ਕਲਰਕ ਦੇ ਨਾਂ ’ਤੇ ਅਲਾਟ ਹੈ। ਜਿਸ ਕਰ ਕੇ ਸਾਫ਼ ਹੈ ਕਿ ਉਕਤ ਦਲਾਲ ਦੇ ਝੰਡੇ ਮਲੋਟ ਮੁਕਤਸਰ ਆਰ. ਟੀ. ਓ. ਤੇ ਤਹਿਸੀਲਦਾਰ ਨਾਲ ਸਬੰਧਤ ਦਫ਼ਤਰਾਂ ’ਚ ਝੂਲਦੇ ਸਗੋਂ ਆਰ. ਟੀ. ਏ. ਫਾਜ਼ਿਲਕਾ ਸਮੇਤ ਹੋਰ ਅਥਾਰਟੀਆਂ ’ਚ ਗਾਂਢਸਾਂਢ ਚੱਲ ਰਹੀ ਹੈ। ਇਸ ਮਾਮਲੇ 'ਤੇ ਪੱਤਰਕਾਰਾਂ ਨੇ ਸਬੰਧਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੇ ਮਾਮਲਾ ਧਿਆਨ ’ਚ ਲਿਆਂਦਾ ਜਾ ਚੁੱਕਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਸਗੋਂ ਉਕਤ ਦਲਾਲ ਦੇ ਫਰਜ਼ਵਾੜੇ ਦੇ ਕੰਮਾਂ ’ਚ ਹੋਰ ਤੇਜ਼ੀ ਆ ਗਈ ਹੈ। ਉਧਰ ਇਸ ਮਾਮਲੇ ’ਤੇ ਜਨਤਕ ਹਿਤੇਸ਼ੀ ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਵਿਜੀਲੈਂਸ ਬਿਊਰੋ ਵੱਖ-ਵੱਖ ਮਾਲ ਵਿਭਾਗ ਤੇ ਟਰਾਂਸਪੋਰਟ ਦਫ਼ਤਰਾਂ ’ਚ ਰਿਕਾਰਡ ਦੀ ਜਾਂਚ ਕਰ ਰਹੀ ਹੈ ਪਰ ਜਿਹੜੇ ਮਾਮਲੇ ’ਚ ਭ੍ਰਿਸ਼ਟਾਚਾਰ ਦਾ ਨਿਤਾਰਾ ਹੋ ਚੁੱਕਾ ਹੈ, ਉਸ ’ਚ ਕਾਰਵਾਈ ਕਰਨ ’ਤੇ ਕਿਉਂ ਦੇਰੀ ਹੋ ਰਹੀ ਹੈ। ਜੇਕਰ ਵਿਜੀਲੈਂਸ ਵਿਭਾਗ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰੇ ਤਾਂ ਕਥਿਤ ਜਾਅਲੀਸਾਜ਼ੀ ਦੇ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।


author

Gurminder Singh

Content Editor

Related News