ਤਿੰਨ ਹਫਤੇ ਪਹਿਲਾਂ ਵਿਆਹੀ ਕੁੜੀ ਸ਼ੱਕੀ ਹਾਲਾਤਾਂ ''ਚ ਘਰੋਂ ਲਾਪਤਾ

04/28/2019 4:11:58 PM

ਫਿਰੋਜ਼ਪੁਰ (ਮਲਹੋਤਰਾ) : ਤਿੰਨ ਹਫਤੇ ਪਹਿਲਾਂ ਵਿਆਹੀ ਇਕ ਕੁੜੀ 24 ਅਪ੍ਰੈਲ ਦੀ ਰਾਤ ਆਪਣੇ ਘਰੋਂ ਲਾਪਤਾ ਹੋ ਜਾਣ ਦੀ ਸੂਚਨਾ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਆਰਿਫਕੇ ਦੀ ਪੁਲਸ ਨੇ ਕੁੜੀ ਦੇ ਪਤੀ ਸਤਨਾਮ ਸਿੰਘ ਦੇ ਬਿਆਨਾਂ 'ਤੇ ਅਗਵਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਲਾਪਤਾ ਔਰਤ ਦੇ ਪਤੀ ਨੇ ਦੱਸਿਆ ਕਿ ਉਸ ਦਾ ਵਿਆਹ 6 ਅਪ੍ਰੈਲ ਨੂੰ ਨਵਪ੍ਰੀਤ ਕੌਰ ਵਾਸੀ ਪਿੰਡ ਚੱਕਵਾਲੀਆ, ਜ਼ਿਲਾ ਤਰਨਤਾਰਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ 12 ਅਪ੍ਰੈਲ ਨੂੰ ਨਵਪ੍ਰੀਤ ਆਪਣੇ ਪੇਕੇ ਰਹਿਣ ਚਲੀ ਗਈ ਅਤੇ 19 ਅਪ੍ਰੈਲ ਨੂੰ ਵਾਪਸ ਆ ਗਈ। 24 ਅਪ੍ਰੈਲ ਨੂੰ ਜਦੋਂ ਉਹ ਕਣਕ ਵੇਚਣ ਲਈ ਫਿਰੋਜ਼ਪੁਰ ਸ਼ਹਿਰ ਦੀ ਮੰਡੀ ਗਿਆ ਹੋਇਆ ਸੀ, ਉਸੇ ਰਾਤ 11:30 ਵਜੇ ਉਸ ਦੀ ਪਤਨੀ ਨੇ ਫੋਨ ਕਰਕੇ ਪੁੱਛਿਆ ਕਿ ਘਰ ਕਦੋਂ ਆਵੋਗੇ ਅਤੇ ਮੈਂ ਕਿਹਾ ਕਿ ਕਣਕ ਤੁਲਣ ਤੋਂ ਬਾਅਦ ਘਰ ਵਾਪਸ ਆਵੇਗਾ। 

ਉਸ ਨੇ ਪੁਲਸ ਨੂੰ ਦੱਸਿਆ ਕਿ ਰਾਤ ਕਰੀਬ 12:30 ਵਜੇ ਜਦ ਉਹ ਘਰ ਪੁੱਜਾ ਤਾਂ ਉਸਦੀ ਪਤਨੀ ਨਵਪ੍ਰੀਤ ਘਰ ਨਹੀਂ ਸੀ। ਉਸ ਨੇ ਆਪਣੀ ਮਾਂ ਹਰਜੀਤ ਕੌਰ ਤੋਂ ਆਪਣੀ ਪਤਨੀ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਨਵਪ੍ਰੀਤ ਪਾਣੀ ਪੀਣ ਲਈ ਕਮਰੇ ਤੋਂ ਬਾਹਰ ਗਈ ਸੀ, ਜਿਸ ਤੋਂ ਬਾਅਦ ਉਹ ਵਾਪਸ ਕਮਰੇ 'ਚ ਨਹੀਂ ਆਈ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਲੇ-ਦੁਆਲੇ ਆਪਣੀ ਪਤਨੀ ਦੀ ਭਾਲ ਕੀਤੀ ਪਰ ਉਹ ਨਹੀਂ ਮਿਲੀ। ਉਸ ਨੇ ਸ਼ੱਕ ਜਤਾਇਆ ਕਿ ਉਸਦੀ ਪਤਨੀ ਦਾ ਕੋਈ ਅਪਹਰਣ ਕਰਕੇ ਲੈ ਗਿਆ ਹੈ। ਥਾਣਾ ਆਰਿਫਕੇ ਮੁਖੀ ਮੋਹਿਤ ਧਵਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਸ ਦੇ ਉੱਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਸ਼ੱਕ ਦੀ ਸੂਈ ਇਕ ਦਬੰਗ ਵਿਅਕਤੀ ਵੱਲ ਜਾ ਰਹੀ ਹੈ। ਧਵਨ ਨੇ ਦੱਸਿਆ ਕਿ ਅਪਹਰਣ ਦੇ ਸ਼ੱਕ ਦੀ ਸੂਈ ਜਿਨਾਂ ਵੱਲ ਘੁੰਮ ਰਹੀ ਹੈ, ਉਨਾਂ ਲੋਕਾਂ ਦੇ ਫੋਨ ਕਾਲ ਦੀ ਡਿਟੇਲ ਅਤੇ ਉਨਾਂ ਦੀਆਂ ਗਤੀਵਿਧੀਆਂ ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਲੜਕੀ ਕਿਨਾਂ ਹਾਲਾਤਾਂ ਵਿਚ ਲਾਪਤਾ ਹੋਈ ਜਾਂ ਫਿਰ ਉਸਦਾ ਅਪਹਰਣ ਹੋਇਆ, ਇਸਦਾ ਜਲਦ ਖੁਲਾਸਾ ਕਰਦੇ ਹੋਏ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ। ਲਾਪਤਾ ਲੜਕੀ ਦੇ ਪਤੀ ਸਤਨਾਮ ਸਿੰਘ ਨੇ ਦੋਸ਼ ਲਾਇਆ ਕਿ ਉਸ ਨੂੰ ਇਨਸਾਫ ਮਿਲਦਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ, ਜਿਸ ਕਾਰਨ ਉਸਨੇ ਪੰਜਾਬ ਦੇ ਮੁੱਖ ਮੰਤਰੀ, ਡੀ.ਜੀ.ਪੀ. ਅਤੇ ਚੋਣ ਕਮੀਸ਼ਨ ਤੋਂ ਜਲਦ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।


rajwinder kaur

Content Editor

Related News