ਨਿਯਮਾਂ ਦੀ ਉਲੰਘਣਾ ਕਰ ਧੜੱਲੇ ਨਾਲ ਸਟਾਕ ਕੀਤੇ ਪਟਾਕੇ, ਛਾਪੇਮਾਰੀ 'ਚ ਹੋ ਸਕਦੈ ਪਰਦਾਫਾਸ਼

10/29/2023 1:20:58 PM

ਮੋਗਾ (ਗੋਪੀ ਰਾਊਕੇ, ਕਸ਼ਿਸ਼) : ਇਕ ਪਾਸੇ ਜਿੱਥੇ ਤਿਉਹਾਰੀ ਮੌਸਮ ਵਿਚ ਮਿਠਾਈਆਂ ਦਾ ਸਟਾਕ ਵੱਡੇ ਪੱਧਰ ’ਤੇ ਕੀਤਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਇਕ ਹੋਰ ਜ਼ਮੀਨੀ ਸੱਚ ਸਾਹਮਣੇ ਆਇਆ ਹੈ, ਜਿਸ ਵਿਚ ਇਹ ਪਤਾ ਲੱਗਾ ਹੈ ਕਿ ਮੋਗਾ ਜ਼ਿਲ੍ਹੇ ਦੇ ਪਟਾਕਾ ਕਾਰੋਬਾਰੀਆਂ ਨੇ ਵੱਡੇ ਪੱਧਰ ’ਤੇ ਪਟਾਕਿਆਂ ਦਾ ਸਟਾਕ ਵੀ ਕਰ ਲਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਰੋੜਾਂ ਰੁਪਏ ਦੇ ਪਟਾਕਿਆਂ ਦਾ ਸਟਾਕ ਸ਼ਹਿਰ ਅਤੇ ਨੇੜਲੇ ਪਿੰਡਾਂ ਦੀਆਂ ਕੁਝ ਉਨ੍ਹਾਂ ਥਾਵਾਂ ’ਤੇ ਵੀ ਕਰਨ ਦੇ ਚਰਚੇ ਹਨ, ਜਿਨ੍ਹਾਂ ਥਾਵਾਂ ’ਤੇ ਇਹ ਸਟਾਕ ਰੱਖਣ ਦੀ ਮਨਾਹੀ ਹੈ ਕਿਉਂਕਿ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਪਟਾਕਿਆਂ ਦਾ ਸਟਾਕ ਨਹੀਂ ਕੀਤਾ ਜਾ ਸਕਦਾ। ਇਸ ਸਥਿਤੀ ਕਰ ਕੇ ਇਕ ਤਰ੍ਹਾਂ ਨਾਲ ਬਾਰੂਦ ਦੇ ਢੇਰ ’ਤੇ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਕੁਝ ਵਸਨੀਕ ਬੈਠੇ ਹਨ, ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਗੰਭੀਰਤਾ ਨਾਲ ਛਾਪੇਮਾਰੀ ਕੀਤੀ ਜਾਵੇ ਤਾਂ ਸਮੁੱਚੀ ਅਸਲੀਅਤ ਸਾਹਮਣੇ ਆ ਸਕਦੀ ਹੈ।

‘ਜਗ ਬਾਣੀ’ ਵੱਲੋਂ ਇਸ ਸਬੰਧ ਵਿਚ ਇਕੱਤਰ ਕੀਤੀ ਗਈ ਵਿਸ਼ੇਸ਼ ਰਿਪੋਰਟ ਵਿਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਪਟਾਕਿਆਂ ਦੇ ਵੱਡੇ ਕਾਰੋਬਾਰੀਆਂ ਨੇ ਅੰਮ੍ਰਿਤਸਰ, ਦਿੱਲੀ ਅਤੇ ਹੋਰਨਾਂ ਥਾਵਾਂ ਤੋਂ ਸਤੰਬਰ ਮਹੀਨੇ ਦੇ ਆਖਰੀ ਹਫ਼ਤੇ ਹੀ ਕਰੋੜਾਂ ਰੁਪਏ ਦੇ ਪਟਾਕੇ ਮੰਗਵਾ ਲਏ ਸਨ। ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਲਾਟਰੀ ਵਿਧੀ ਰਾਹੀਂ ਦੁਕਾਨਾਂ ਦੀ ਅਲਾਟਮੈਂਟ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ, ਪਰ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਆਪਸੀ ਤਾਲਮੇਲ ਹਨ ’ਤੇ ਉਹ ਅੱਗੇ ਪਟਾਕਿਆਂ ਦੀ ਸੇਲ ਕਰ ਦਿੰਦੇ ਹਨ।

ਇਹ ਵੀ ਪੜ੍ਹੋ : ਆਈ ਫੋਨ ਤੇ ਐੱਪਲ ਦੀ ਘੜੀ ਲਈ ਦੋਸਤ ਨੂੰ ਦਿੱਤੀ ਦਰਦਨਾਕ ਮੌਤ, ਅਜਿਹੀ ਦਰਿੰਦਗੀ ਸੁਣ ਨਹੀਂ ਹੋਵੇਗਾ ਯਕੀਨ

ਸੂਤਰਾਂ ਅਨੁਸਾਰ ਪਿਛਲੇ ਸਾਲ ਵੀ ਪਟਾਕਿਆਂ ਦੀ ਜ਼ਿਆਦਾ ਵਰਤੋਂ ਹੋਈ ਸੀ ਕਿਉਂਕਿ ਦੋ ਸਾਲ ਕੋਰੋਨਾ ਕਾਲ ਕਰ ਕੇ ਪਟਾਕੇ ਨਹੀਂ ਵਿਕੇ ਸਨ ਅਤੇ ਇਸੇ ਕਰ ਕੇ ਹੀ ਇਸ ਵਾਰ ਕਾਰੋਬਾਰੀਆਂ ਨੂੰ ਆਸ ਹੈ ਕਿ ਪਟਾਕਿਆਂ ਦਾ ਕਾਰੋਬਾਰ ਦੁਕਾਨਦਾਰਾਂ ਦੇ ‘ਵਾਰੇ ਨਿਆਰੇ’ ਕਰ ਦੇਵੇਗਾ ਅਤੇ ਇਸੇ ਕਾਰਨ ਹੀ ਕਾਰੋਬਾਰੀਆਂ ਨੇ ਪਟਾਕਿਆਂ ਦਾ ਸਟਾਕ ਕੀਤਾ ਹੈ। ਨਿਯਮਾਂ ਮੁਤਾਬਕ ਕਿਸੇ ਵੀ ਭੀੜ-ਭੜੱਕੇ ਵਾਲੇ ਇਲਾਕੇ ਵਿਚ ਪਟਾਕਿਆਂ ਦਾ ਸਟਾਕ ਨਹੀਂ ਕੀਤਾ ਜਾ ਸਕਦਾ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਅੱਗ ਬੁਝਾਊ ਯੰਤਰ ਲਾਜ਼ਮੀ ਰੱਖਣ ਦੇ ਨਾਲ ਨਾਲ ਕਈ ਹੋਰ ਵੀ ਸਖ਼ਤ ਨਿਯਮ ਹਨ ਪਰ ਮੋਗਾ ਵਿਚ ਇਨ੍ਹਾਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡ ਰਹੀਆਂ ਹਨ। ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ।


ਸ਼ਹਿਰ ’ਚ 30 ਦੁਕਾਨਦਾਰਾਂ ਨੂੰ ਪਾਰਦਰਸ਼ੀ ਢੰਗ ਨਾਲ ਲਾਇਸੈਂਸ ਅਲਾਟਮੈਂਟ, ਸਬ-ਡਵੀਜ਼ਨਾਂ ਲਈ ਜਾਰੀ ਕੀਤੇ 7 ਲਾਇਸੈਂਸ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਟਰੀ ਵਿਧੀ ਰਾਹੀਂ ਪੂਰੇ ਪਾਰਦਰਸ਼ੀ ਢੰਗ ਨਾਲ ਦੁਕਾਨਦਾਰਾਂ ਨੂੰ ਪਟਾਕੇ ਵੇਚਣ ਲਈ ਲਾਇਸੰਸਾਂ ਦੀ ਅਲਾਟਮੈਂਟ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ 250 ਤੋਂ ਉੱਪਰ ਦੁਕਾਨਦਾਰਾਂ ਨੇ ਮੋਗਾ ਸ਼ਹਿਰ ਵਿਚ ਪਟਾਕੇ ਵੇਚਣ ਦੀ ਮੰਨਜ਼ੂਰੀ ਲੈਣ ਲਈ ਅਪਲਾਈ ਕੀਤਾ ਸੀ, ਜਿਸ ਵਿਚੋਂ 30 ਦੁਕਾਨਦਾਰਾਂ ਨੂੰ ਲਾਇਸੰਸ ਦਿੱਤੇ ਹਨ। ਧਰਮਕੋਟ, ਕੋਟ ਈਸੇ ਖਾਂ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ ਆਦਿ ਸਬ-ਡਵੀਜ਼ਨਾਂ ਵਿਚ 7 ਲਾਇਸੈਂਸ ਜਾਰੀ ਕੀਤੇ ਹਨ।

11 ਵਰ੍ਹੇ ਪਹਿਲਾਂ ਮੋਗਾ ’ਚ ਵਾਪਰਿਆਂ ਸੀ ਦੁਖਦਾਈ ਕਾਂਡ
ਜ਼ਿਕਰਯੋਗ ਹੈ ਕਿ 11 ਵਰ੍ਹੇ ਪਹਿਲਾ ਘਰ ਵਿਚ ਪਟਾਕੇ ਬਣਾ ਰਹੇ ਇਕ ਪਰਿਵਾਰ ਦੇ 3 ਜੀਅ ਬਲਾਸਟ ਵਿਚ ਮੌਤ ਦੇ ਮੂੰਹ ਗਏ ਸਨ। ਇਸ ਤੋਂ ਇਲਾਵਾ ਸਮੇਂ-ਸਮੇਂ ’ਤੇ ਪਟਾਕਿਆਂ ਦੇ ਸਟਾਕ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਫੜੇ ਜਾਂਦੇ ਰਹੇ ਹਨ। ਪਰ ਇਹ ਮਾਮਲੇ ਮੀਡੀਆਂ ਵਿਚ ਉਜਾਗਰ ਹੋਣ ਮਗਰੋਂ ਹੀ ਪ੍ਰਸ਼ਾਸਨ ਦੀ ‘ਅੱਖ’ ਖੁੱਲਦੀ ਹੈ। ਦੋ ਸਾਲ ਪਹਿਲਾ 2021 ਵਿਚ ਫੋਕਲ ਪੁਆਇੰਟ ਚੌਕੀ ਦੇ ਖ਼ੇਤਰ ਵਿਚੋਂ ਵੀ ਪਟਾਕਿਆਂ ਦਾ ਸਟਾਕ ਫੜਿਆ ਗਿਆ ਸੀ।

ਸਰਕਾਰ ਵਲੋਂ ਗ੍ਰੀਨ ਪਟਾਕੇ ਚਲਾਉਣ ਨੂੰ ਦਿੱਤੀ ਮੰਨਜ਼ੂਰੀ, ਦੀਵਾਲੀ ਦੀ ਰਾਤ 8 ਤੋਂ 10 ਵਜੇ ਤੱਕ ਚੱਲ ਸਕਣਗੇ ਪਟਾਕੇ
ਪੰਜਾਬ ਸਰਕਾਰ ਵੱਲੋਂ ਮਾਨਯੋਗ ਸੁਪਰੀਮ ਕੋਰਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਐੱਨ. ਜੀ. ਟੀ. ਦੀਆਂ ਹਦਾਇਤਾਂ ਅਨੁਸਾਰ ਸਿਰਫ ਹਰੇ ਪਟਾਕੇ ਚੱਲਣ ਨੂੰ ਮੰਨਜ਼ੂਰੀ ਦਿੱਤੀ ਹੈ। ਦੀਵਾਲੀ ਦੀ ਰਾਤ 8 ਤੋਂ 10 ਵਜੇ ਤੱਕ ਪਟਾਕੇ ਨਿਯਮਾਂ ਅਨੁਸਾਰ ਚੱਲ ਸਕਣਗੇ।

ਇਹ ਵੀ ਪੜ੍ਹੋ : ਪੰਜਾਬ ਵਿਚ ਫੜਿਆ ਗਿਆ ਵੱਡਾ ਅੱਤਵਾਦੀ ਗਿਰੋਹ, ਭਾਰੀ ਗਿਣਤੀ ’ਚ ਹਥਿਆਰ ਬਰਾਮਦ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Gurminder Singh

Content Editor

Related News