ਆਟੋ ਪਾਰਟ ਤਿਆਰ ਕਰਨ ਵਾਲੀ ਫੈਕਟਰੀ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
Monday, Jan 07, 2019 - 06:05 AM (IST)
ਲੁਧਿਆਣਾ, (ਮੁਕੇਸ਼)— ਫੋਕਲ ਪੁਆਇੰਟ ਫੇਜ਼-8 ਵਿਖੇ ਆਟੋ ਪਾਰਟ ਤਿਆਰ ਕਰਨ ਲਈ ਫੈਕਟਰੀ ’ਚ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਣ ਦੀ ਖਬਰ ਹੈ। ਗੇਟ ’ਤੇ ਡਿਊਟੀ ਦੇ ਰਹੇ ਗਾਰਡਸ ਨੇ ਜਿਵੇਂ ਹੀ ਬਿਲਡਿੰਗ ’ਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫੈਕਟਰੀ ਮੁਲਾਜ਼ਮਾਂ, ਗਾਰਡਸ ਨੇ ਬਿਲਡਿੰਗ ਦੇ ਗੇਟ ਦੇ ਜਿਵੇਂ ਹੀ ਤਾਲੇ ਖੋਲ੍ਹੇ ਜ਼ਬਰਦਸਤ ਅੱਗ ਤੇ ਧੂੰਆਂ ਦੇਖ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਦੌਰਾਨ ਉਨ੍ਹਾਂ ਅੱਗ ਬੁਝਾਉਣ ਵਾਲੇ ਯੰਤਰਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਏ। ਅੱਗ ਤੇਜ਼ੀ ਨਾਲ ਦਫਤਰ ਦੀ ਬਿਲਡਿੰਗ ਅੰਦਰ ਫੈਲ ਗਈ ਤੇ ਬਿਜਲੀ ਦੇ ਉਪਕਰਨ, ਫਰਨੀਚਰ, ਕੰਪਿਊਟਰਸ, ਏ. ਸੀ., ਪੱਖੇ, ਫਾਈਲਾਂ ਆਦਿ ਸੜ ਕੇ ਸੁਆਹ ਹੋ ਗਏ। ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਅਾਂ ਗੱਡੀਆਂ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਕੰਪਨੀ ਅਧਿਕਾਰੀ ਨੇ ਕਿਹਾ ਕਿ ਅੱਗ ਸਵੇਰੇ 7 ਵਜੇ ਲੱਗੀ ਹੈ। ਅੱਗ ਨਾਲ ਸਾਰਾ ਬਿਜਲੀ ਦਾ ਸਾਮਾਨ, ਕੰਪਿਊਟਰਸ, ਫਰਨੀਚਰ, ਕੰਮਕਾਜ ਦੀਅਾਂ ਫਾਈਲਾਂ ਸੜ ਕੇ ਸੁਆਹ ਹੋ ਗਈਅਾਂ। ਬਿਲਡਿੰਗ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਅੱਗ ਕਿਵੇਂ ਲੱਗੀ ਹਾਲੇ ਪਤਾ ਨਹੀਂ ਲੱਗਾ। ਇਕ ਫਾਇਰਮੈਨ ਸ਼ੀਸ਼ਾ ਫਟ ਕੇ ਲੱਗਣ ਨਾਲ ਜ਼ਖਮੀ ਹੋ ਗਿਆ ਸੀ। ਅੱਗ ਬੁਝਾ ਦਿੱਤੀ ਗਈ ਹੈ।
