ਲੁਧਿਆਣਾ ਦੇ ਕਾਰੋਬਾਰੀ ਦੀ ਮੌਤ ਮਾਮਲੇ ''ਚ ਸਨਸਨੀਖੇਜ਼ ਖ਼ੁਲਾਸਾ, ਪੁੱਤ ਨੇ ਲਿਖਿਆ ਸੀ ਜਾਅਲੀ ਸੁਸਾਈਡ ਨੋਟ
Monday, May 11, 2026 - 02:28 PM (IST)
ਹਲਵਾਰਾ (ਲਾਡੀ): ਨਜ਼ਦੀਕੀ ਪਿੰਡ ਐਤੀਆਣਾ ਦੇ ਰਹਿਣ ਵਾਲੇ ਪਸ਼ੂ ਚਾਰਾ ਵਪਾਰੀ ਕੁੰਦਨ ਲਾਲ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਹੈਰਾਨ ਕਰਨ ਵਾਲਾ ਖ਼ੁਲਾਸਾ ਹੋਇਆ ਹੈ। ਮ੍ਰਿਤਕ ਦੀ ਜੇਬ ਵਿਚੋਂ ਮਿਲਿਆ ਦੋ ਪੰਨਿਆਂ ਦਾ ਕਥਿਤ ਸੁਸਾਈਡ ਨੋਟ ਜਾਅਲੀ ਨਿਕਲਿਆ, ਜਿਸ ਨੂੰ ਮ੍ਰਿਤਕ ਦੇ ਪੁੱਤਰ ਧਰਮਿੰਦਰ ਕੁਮਾਰ ਨੇ ਹੀ ਤਿਆਰ ਕੀਤਾ ਸੀ। ਪੁਲਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਨੋਟ ਰਾਹੀਂ ਕੁਝ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਅਤੇ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਉਗਰਾਹੀ ਕਰਨ ਦੀ ਯੋਜਨਾ ਬਣਾਈ ਗਈ ਸੀ।
ਜਾਂਚ ਦੌਰਾਨ ਸਭ ਤੋਂ ਵੱਡਾ ਸ਼ੱਕ ਉਸ ਵੇਲੇ ਪੈਦਾ ਹੋਇਆ ਜਦੋਂ ਸੁਸਾਈਡ ਨੋਟ ਦੇ ਅੰਤ ਵਿੱਚ ਮ੍ਰਿਤਕ ਦੇ ਨਾਮ ਦੀ ਥਾਂ “ਕੁੰਦਨ ਸਿੰਘ” ਲਿਖਿਆ ਹੋਇਆ ਮਿਲਿਆ, ਜਦਕਿ ਮ੍ਰਿਤਕ ਦਾ ਅਸਲ ਨਾਮ “ਕੁੰਦਨ ਲਾਲ” ਸੀ। ਪੁਲਸ ਨੇ ਇਸ ਗਲਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਧਰਮਿੰਦਰ ਕੁਮਾਰ ਤੋਂ ਪੁੱਛਗਿੱਛ ਕੀਤੀ, ਜਿਸ ਦੌਰਾਨ ਉਸ ਨੇ ਨੋਟ ਤਿਆਰ ਕਰਨ ਦੀ ਗੱਲ ਮੰਨ ਲਈ।
ਥਾਣਾ ਸੁਧਾਰ ਦੇ ਇੰਚਾਰਜ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਸੁਸਾਈਡ ਨੋਟ ਵਿੱਚ ਕਈ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਨਾਮ ਲਿਖ ਕੇ ਲਗਭਗ 35 ਲੱਖ ਰੁਪਏ ਦੀ ਲੈਣਦਾਰੀ ਦਰਸਾਈ ਗਈ ਸੀ। ਨੋਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਪੈਸੇ ਵਾਪਸ ਨਾ ਮਿਲਣ ਅਤੇ ਲੋਕਾਂ ਵੱਲੋਂ ਫੋਨ ਨਾ ਚੁੱਕਣ ਕਾਰਨ ਕੁੰਦਨ ਲਾਲ ਮਾਨਸਿਕ ਤਣਾਅ ਵਿੱਚ ਸਨ।
ਪੁਲਸ ਮੁਤਾਬਕ, ਮਾਮਲਾ ਉਸ ਵੇਲੇ ਸ਼ੱਕੀ ਲੱਗਾ ਜਦੋਂ ਇਹ ਗੱਲ ਸਾਹਮਣੇ ਆਈ ਕਿ ਜਿਨ੍ਹਾਂ ਲੋਕਾਂ ਤੋਂ ਮ੍ਰਿਤਕ ਨੂੰ ਲੱਖਾਂ ਰੁਪਏ ਲੈਣੇ ਸਨ, ਉਹ ਖੁਦਕੁਸ਼ੀ ਕਰਨ ਵਾਲੀ ਸਥਿਤੀ ਵਿੱਚ ਕਿਵੇਂ ਆ ਸਕਦਾ ਹੈ। ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਆਪਣੇ ਲੰਬੇ ਸੇਵਾ ਅਨੁਭਵ ਦੌਰਾਨ ਉਨ੍ਹਾਂ ਨੇ ਅਕਸਰ ਕਰਜ਼ੇ ਦੇ ਦਬਾਅ ਕਾਰਨ ਖੁਦਕੁਸ਼ੀਆਂ ਦੇ ਕੇਸ ਵੇਖੇ ਹਨ, ਪਰ ਇਹ ਪਹਿਲਾ ਮਾਮਲਾ ਸੀ ਜਿੱਥੇ ਕਿਸੇ ਵਿਅਕਤੀ ਨੇ ਲੋਕਾਂ ਤੋਂ ਪੈਸੇ ਲੈਣ ਦੇ ਬਾਵਜੂਦ ਜ਼ਹਿਰ ਨਿਗਲਿਆ ਹੋਵੇ।
ਜਾਂਚ ਦੌਰਾਨ ਸੁਸਾਈਡ ਨੋਟ ਦੀ ਲਿਖਤ ਵੀ ਸ਼ੱਕੀ ਪਾਈ ਗਈ। ਪੁਲਸ ਅਨੁਸਾਰ ਲਿਖਤ ਕਿਸੇ 81-82 ਸਾਲਾ ਬਜ਼ੁਰਗ ਵਿਅਕਤੀ ਦੀ ਨਹੀਂ ਲੱਗ ਰਹੀ ਸੀ। ਇਸ ਤੋਂ ਬਾਅਦ ਧਰਮਿੰਦਰ ਕੁਮਾਰ ਨੂੰ ਸਖ਼ਤ ਪੁੱਛਗਿੱਛ ਲਈ ਬੁਲਾਇਆ ਗਿਆ, ਜਿੱਥੇ ਪੂਰੀ ਸਾਜ਼ਿਸ਼ ਬੇਨਕਾਬ ਹੋ ਗਈ। ਇਸ ਮਾਮਲੇ ਵਿਚ ਪਿੰਡ ਦੀ ਪੰਚਾਇਤ ਨੇ ਵੀ ਧਰਮਿੰਦਰ ਕੁਮਾਰ ਤੋਂ ਦੂਰੀ ਬਣਾ ਲਈ ਅਤੇ ਸਪੱਸ਼ਟ ਕਰ ਦਿੱਤਾ ਕਿ ਉਹ ਕਿਸੇ ਵੀ ਝੂਠੇ ਮਾਮਲੇ ਵਿਚ ਉਸ ਦਾ ਸਾਥ ਨਹੀਂ ਦੇਵੇਗੀ।
ਜਾਣਕਾਰੀ ਅਨੁਸਾਰ ਕੁੰਦਨ ਲਾਲ ਨੂੰ ਸ਼ਨੀਵਾਰ ਰਾਤ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਐਤਵਾਰ ਤੜਕੇ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਵੱਲੋਂ ਲਾਸ਼ ਦਾ ਪੰਚਨਾਮਾ ਕਰਨ ਸਮੇਂ ਇਹ ਕਥਿਤ ਸੁਸਾਈਡ ਨੋਟ ਬਰਾਮਦ ਕੀਤਾ ਗਿਆ ਸੀ। ਫਿਲਹਾਲ ਪੁਲਸ ਨੇ ਇਸ ਮਾਮਲੇ ਵਿਚ ਕਿਸੇ ਵੀ ਵਿਅਕਤੀ ਖ਼ਿਲਾਫ਼ ਕੋਈ ਅਪਰਾਧਿਕ ਕੇਸ ਦਰਜ ਨਹੀਂ ਕੀਤਾ। ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।
