ਪੰਜਾਬ: ਛੁੱਟੀ ਮਗਰੋਂ ਘਰਦਿਆਂ ਨੂੰ ਉਡੀਕਦੀ ਰਹਿ ਗਈ ਧੀ, ਕਾਰੋਬਾਰੀ ਪਿਓ ਨੇ...

Friday, May 08, 2026 - 12:20 PM (IST)

ਪੰਜਾਬ: ਛੁੱਟੀ ਮਗਰੋਂ ਘਰਦਿਆਂ ਨੂੰ ਉਡੀਕਦੀ ਰਹਿ ਗਈ ਧੀ, ਕਾਰੋਬਾਰੀ ਪਿਓ ਨੇ...

ਲੁਧਿਆਣਾ (ਰਾਜ): ਆਰਥਿਕ ਤੰਗੀ ਅਤੇ ਲੈਣਦਾਰਾਂ ਦੇ ਭਾਰੀ ਦਬਾਅ ਕਾਰਨ ਇਕ ਕੱਪੜਾ ਕਾਰੋਬਾਰੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕ ਦੀ ਪਛਾਣ ਪ੍ਰਤਾਪ ਸਿੰਘ ਚੌਕ ਸਥਿਤ 'ਵਨ ਡੇ ਕਲੈਕਸ਼ਨ' ਸ਼ੋਅਰੂਮ ਦੇ ਮਾਲਕ ਸੰਨੀ ਕੁਮਾਰ ਚਾਵਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੰਨੀ ਬਾਜ਼ਾਰ ਦੇ ਲੱਖਾਂ ਰੁਪਏ ਦੇ ਕਰਜ਼ੇ ਅਤੇ ਲੈਣਦਾਰਾਂ ਦੀਆਂ ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਆਪਣੇ ਹੀ ਘਰ ਵਿਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।

ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਸੰਨੀ ਸ਼ਾਮ 6 ਵਜੇ ਆਪਣੀ 14 ਸਾਲਾ ਬੇਟੀ ਨੂੰ ਟਿਊਸ਼ਨ ਤੋਂ ਵਾਪਸ ਲਿਆਉਣ ਲਈ ਨਹੀਂ ਪਹੁੰਚਿਆ। ਬੇਟੀ ਵੱਲੋਂ ਵਾਰ-ਵਾਰ ਫੋਨ ਕੀਤੇ ਜਾਣ 'ਤੇ ਵੀ ਜਦੋਂ ਕੋਈ ਜਵਾਬ ਨਹੀਂ ਮਿਲਿਆ, ਤਾਂ ਸੰਨੀ ਦੀ ਪਤਨੀ ਨੇ ਗੁਆਂਢੀਆਂ ਨੂੰ ਘਰ ਜਾ ਕੇ ਦੇਖਣ ਲਈ ਕਿਹਾ। ਗੁਆਂਢੀਆਂ ਨੇ ਜਦੋਂ ਘਰ ਦੇ ਅੰਦਰ ਕਦਮ ਰੱਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ; ਸੰਨੀ ਦੀ ਲਾਸ਼ ਕਮਰੇ ਵਿਚ ਚੁੰਨੀ ਦੇ ਸਹਾਰੇ ਪੱਖੇ ਨਾਲ ਲਟਕ ਰਹੀ ਸੀ। ਮ੍ਰਿਤਕ ਦੇ ਭਰਾ ਬ੍ਰਿਜਮੋਹਨ ਨੇ ਦੱਸਿਆ ਕਿ ਬਾਜ਼ਾਰ ਦੇ ਲੈਣਦਾਰ ਸੰਨੀ 'ਤੇ ਪੈਸੇ ਮੋੜਨ ਦਾ ਭਾਰੀ ਦਬਾਅ ਬਣਾ ਰਹੇ ਸਨ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ ਜਾ ਰਿਹਾ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਏ.ਐੱਸ.ਆਈ. ਗੁਰਮੀਤ ਸਿੰਘ ਪੁਲਸ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਹਾਲਾਂਕਿ ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ, ਪਰ ਪਰਿਵਾਰ ਵਾਲਿਆਂ ਨੇ ਸਪੱਸ਼ਟ ਤੌਰ 'ਤੇ ਲੈਣਦਾਰਾਂ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਨੂੰ ਉਨ੍ਹਾਂ ਸਾਰੇ ਲੈਣਦਾਰਾਂ ਬਾਰੇ ਜਾਣਕਾਰੀ ਹੈ ਜੋ ਸੰਨੀ ਨੂੰ ਪਰੇਸ਼ਾਨ ਕਰ ਰਹੇ ਸਨ। ਫਿਲਹਾਲ ਪੁਲਸ ਨੇ ਲਾਸ਼ ਨੂੰ ਮੁਰਦਾਘਰ ਵਿਚ ਰਖਵਾ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
 


author

Anmol Tagra

Content Editor

Related News