ਆਰ. ਟੀ. ਏ. ਸਕੱਤਰ ਕਲਸੀ ਦੀ ਮੁਸਤੈਦੀ ਕਾਰਨ ਬਣਨ ਤੋਂ ਪਹਿਲਾਂ ਹੀ ਫਡ਼ੇ ਗਏ ਫਰਜ਼ੀ ਡਰਾਈਵਿੰਗ ਲਾਇਸੈਂਸ

10/18/2018 7:00:58 AM

ਲੁਧਿਆਣਾ, (ਸੰਨੀ)- ਸਕੱਤਰ ਆਰ. ਟੀ. ਏ. ਲਵਜੀਤ ਕਲਸੀ ਦੀ ਮੁਸਤੈਦੀ ਨਾਲ ਵਿਭਾਗ ਵਿਚ ਚੱਲ ਰਿਹਾ ਡਰਾਈਵਿੰਗ ਲਾਇਸੈਂਸ ਦਾ ਘਪਲਾ ਪਕਡ਼ ਵਿਚ ਆਇਆ ਹੈ। ਕਲਸੀ ਨੇ ਅਜਿਹੇ ਕੁਝ ਡਰਾਈਵਿੰਗ ਲਾਇਸੈਂਸਾਂ ਨੂੰ ਬਣਨ ਤੋਂ ਪਹਿਲਾਂ ਹੀ ਫਡ਼ ਲਿਆ, ਜਿਨ੍ਹਾਂ ਦੇ ਨਾਲ ਫਰਜ਼ੀ ਸਰਟੀਫਿਕੇਟ ਲੱਗੇ ਸਨ। 
ਜਾਣਕਾਰੀ ਦਿੰਦੇ ਹੋਏ ਸਕੱਤਰ ਆਰ. ਟੀ. ਏ. ਲਵਜੀਤ ਕਲਸੀ ਨੇ ਦੱਸਿਆ ਕਿ ਬੀਤੀ 11 ਅਕਤੂਬਰ ਦੀ ਸ਼ਾਮ ਏ. ਟੀ. ਓ. ਅਮਰੀਕ ਸਿੰਘ ਦੀ ਆਈ. ਡੀ. ਅਤੇ ਪਾਸਵਰਡ ਦੀ ਵਰਤੋਂ ਕਰ ਕੇ ਪ੍ਰਾਈਵੇਟ ਕੰਪਨੀ ਸਮਾਰਟ ਚਿੱਪ ਦੇ ਮੁਲਾਜ਼ਮਾਂ ਨੇ ਰੋਜ਼ ਗਾਰਡਨ ਦੇ ਕੋਲ ਐੱਸ. ਸੀ. ਡੀ. ਸਰਕਾਰੀ ਕਾਲਜ ਦੀ ਗਰਾਊਂਡ ਵਿਚ ਬਣਾਏ ਗਏ ਆਟੋਮੈਟਿਡ ਡਰਾਈਵਿੰਗ ਟੈਸਟ ਸੈਂਟਰ ’ਤੇ 38 ਵਪਾਰਕ ਅਤੇ 8 ਲਰਨਿੰਗ ਲਾਇਸੈਂਸ ਮਨਜ਼ੂਰ ਕੀਤੇ ਸਨ। ਅਗਲੇ ਦਿਨ ਇਸ ਦਾ ਪਤਾ ਲੱਗਣ ’ਤੇ ਕਲਸੀ ਨੇ ਸ਼ੱਕ ਦੇ ਆਧਾਰ ’ਤੇ ਇਨ੍ਹਾਂ ਸਾਰੇ ਲਾਇਸੈਂਸਾਂ ਦੀ ਪ੍ਰਿੰਟਿੰਗ ’ਤੇ ਰੋਕ ਲਾ ਦਿੱਤੀ, ਜਿਸ ਕਾਰਨ ਇਹ ਲਾਇਸੈਂਸ ਨਹੀਂ ਬਣ ਸਕੇ।  ਇਸ ਤੋਂ ਬਾਅਦ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਬੀਤਣ ਉਪਰੰਤ ਸੋਮਵਾਰ ਇਨ੍ਹਾਂ ਮੁਲਾਜ਼ਮਾਂ ਤੋਂ ਬਿਨੇਕਾਰਾਂ ਦੀਆਂ ਅਸਲ ਫਾਈਲਾਂ ਮੰਗੀਆਂ ਗਈਆਂ ਤਾਂ ਉਨ੍ਹਾਂ ਨੇ ਸਿਰਫ 20 ਫਾਈਲਾਂ ਹੀ ਅਧਿਕਾਰੀਆਂ ਸਾਹਮਣੇ ਪੇਸ਼ ਕੀਤੀਆਂ, ਜਦੋਂਕਿ ਬਾਕੀ ਦੀਆਂ ਫਾਈਲਾਂ ਨਹੀਂ ਲਿਆਏ। ਪੇਸ਼ ਕੀਤੀਆਂ ਗਈਆਂ 20 ਕਮਰਸ਼ੀਅਲ ਲਾਇਸੈਂਸਾਂ ਦੀਆਂ ਫਾਈਲਾਂ ਦੇ ਨਾਲ ਲਾਏ ਗਏ ਰੈੱਡ ਕ੍ਰਾਸ ਸੋਸਾਇਟੀ ਦੇ ਸਰਟੀਫਿਕੇਟਾਂ ਦੀ ਜਾਂਚ ਲਈ ਉਨ੍ਹਾਂ ਦੇ ਵਿਭਾਗ ਨੂੰ ਲਿਖਿਆ ਗਿਆ ਹੈ। ਹੁਣ ਆਰ. ਟੀ. ਏ. ਸਮਾਰਟ ਚਿੱਪ ਕੰਪਨੀ ਦੇ ਦੋ ਮੁਲਾਜ਼ਮਾਂ ਨੂੰ ਉੱਥੋਂ ਬਦਲਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਦੇ ਲਈ ਲਿਖਤੀ ਸ਼ਿਕਾਇਤ ਭੇਜੀ ਹੈ।


Related News