ਜੋਗਾਨੰਦ ਤੇ ਫੂਲ ’ਚ ਪਰਾਲੀ ਨੂੰ ਸਾੜ ਕੇ ਕਿਸਾਨਾਂ ਨੇ ਸਰਕਾਰ ਨੂੰ ਲਲਕਾਰਿਆ
Monday, Oct 22, 2018 - 07:08 AM (IST)

ਬਠਿੰਡਾ, (ਜ.ਬ.)- ਪਰਾਲੀ ਨੂੰ ਲੈ ਕੇ ਕਸੂਤੇ ਫਸੇ ਕਿਸਾਨਾਂ ਨੇ ਅੱਜ ਪਿੰਡ ਜੋਗਾ ਨੰਦ ਵਿਖੇ ਕਿਸਾਨ ਭਗਵੰਤ ਸਿੰਘ ਦੇ ਖੇਤ ’ਚ ਪਰਾਲੀ ਨੂੰ ਅੱਗ ਲਗਾ ਕੇ ਸਰਕਾਰ ਨੂੰ ਲਲਕਾਰਿਆ ਹੈ ਕਿ ਜੇਕਰ ਪਰਾਲੀ ਦਾ ਹੱਲ ਕਰਨ ਦੀ ਬਜਾਏ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਤਾਂ ਪੰਜਾਬ ਦੇ ਸਮੂਹ ਕਿਸਾਨ ਸਡ਼ਕਾਂ ’ਤੇ ਉਤਰਣ ਲਈ ਮਜਬੂਰ ਹੋਣਗੇ। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਕਿਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਲਾਲ ਝੰਡੇ ਚੁੱਕ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਜਥੇਬੰਦੀ ਦੇ ਜ਼ਿਲਾ ਕਨਵੀਨਰ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਸਰਕਾਰ ਵਲੋਂ ਪਰਾਲੀ ਸਾਡ਼ਣ ਵਿਰੁੱਧ ਚੁੱਕੇ ਕਦਮ ਸ਼ਲਾਘਾਯੋਗ ਹਨ, ਕਿਉਂਕਿ ਇਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਪਰ ਇਸ ਮਸਲੇ ਦੇ ਹੱਲ ਖਾਤਰ ਸਿਰਫ ਬਿਆਨਬਾਜੀ ਕਰਨਾ ਜਾਂ ਕਿਸਾਨਾਂ ਨੂੰ ਮੁਕੱਦਮੇ ਦਰਜ ਕਰਨ ਦੀਆਂ ਧਮਕੀਆਂ ਦੇਣਾ ਕਿਸੇ ਵੀ ਪੱਖ ਤੋਂ ਸਿਆਣਪ ਨਹੀਂ ਹੈ। ਕਿਉਂਕਿ ਕਿਸੇ ਵੀ ਮਸਲੇ ਦੇ ਹੱਲ ਖਾਤਰ ਸਬੰਧਤ ਧਿਰਾਂ ਨੂੰ ਆਰਥਿਕ ਮਦਦ ਦੇਣ ਦੀ ਵੀ ਜ਼ਰੂਰਤ ਹੁੰਦੀ ਹੈ। ਜੇਕਰ ਸਰਕਾਰ ਪਰਾਲੀ ਦਾ ਹੱਲ ਚਾਹੁੰਦੀ ਹੈ ਤਾਂ ਕਿਸਾਨਾਂ ਦੀ ਮੰਗ ਮੁਤਾਬਕ 200 ਰੁਪਏ ਪ੍ਰਤੀ ਕੁਇੰਟਲ ਦਾ ਖਰਚਾ ਦਿੱਤਾ ਜਾਵੇ ਜਾਂ ਫਿਰ ਹੋਰ ਢੰਗਾਂ ਨਾਲ ਲੋਡ਼ੀਂਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਰਾਲੀ ਸਾਡ਼ਣ ਪ੍ਰਤੀ ਸਖ਼ਤੀ ਦੇ ਸਰਕਾਰੀ ਸੰਦੇਸ਼ ਵਿਰੁੱਧ ਸੰਕੇਤਕ ਵਿਰੋਧ ਵਜੋਂ 18 ਅਕਤੂਬਰ ਨੂੰ ਡੀ. ਸੀ. ਦਫ਼ਤਰ ਸਾਹਮਣੇ ਦੋ ਟਰਾਲੀਆਂ ਪਰਾਲੀ ਸੁੱਟੀ ਸੀ, ਪਰ ਪ੍ਰਸ਼ਾਸਨ ਜਾਂ ਸਰਕਾਰ ਵਲੋਂ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਬਜਾਏ ਪਰਾਲੀ ਚੁਕਵਾ ਕੇ ਬੁੱਤਾ ਸਾਰ ਦਿੱਤਾ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਹਿਲਾਂ ਹੀ ਆਰਥਿਕ ਪੱਖੋਂ ਤੰਗ ਕਿਸਾਨਾਂ ਨੂੰ ਲੋਡ਼ੀਂਦੀ ਮੱਦਦ ਨਾ ਦਿੱਤੀ ਗਈ ਤਾਂ ਉਹ ਪਰਾਲੀ ਸਾਡ਼ਣ ਲਈ ਹਰ ਹਾਲ ਮਜਬੂਰ ਹੋਣਗੇ ਤੇ ਕਿਸੇ ਵੀ ਕਿਸਾਨ ਵਿਰੁੱਧ ਕਾਨੂੰਨੀ ਕਾਰਵਾਈ ਹੋਈ ਤਾਂ ਸੰਘਰਸ਼ ਵਿੱਢਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।
ਇਸ ਮੌਕੇ ਭੋਲਾ ਸਿੰਘ, ਦਰਸ਼ਨ ਸਿੰਘ ਜੋਗਾਨੰਦ, ਕਾਲਾ ਸਿੰਘ, ਪਰਮਿੰਦਰ ਸਿੰਘ, ਜਗਦੀਸ਼ ਸਿੰਘ, ਸੁਖਮੰਦਰ ਸਿੰਘ ਸਰਾਭਾ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ, ਗੁਰਦੀਪ ਸਿੰਘ ਗੋਬਿੰਦਪੁਰਾ, ਗੁਰਦਿੱਤਾ ਸਿੰਘ ਹਰਰੰਗਪੁਰਾ ਆਦਿ ਨੇ ਵੀ ਸੰਬੋਧਨ ਕੀਤਾ।
ਰਾਮਪੁਰਾ ਫੂਲ, (ਤਰਸੇਮ)-ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ’ਚ ਪਿੰਡ ਫੂਲ ਦੇ ਸੈਂਕਡ਼ੇ ਕਿਸਾਨਾਂ ਨੇ ਇਕੱਠੇ ਹੋ ਕੇ ਬੁਰਜ-ਮਾਨਸ਼ਾਹੀਆ ਰੋਡ ਉਪਰ ਇਕ ਖੇਤ ’ਚ ਝੋਨੇ ਦੀ ਪਰਾਲੀ ਨੂੰ ਅੱਗ ਲਾ ਦਿੱਤੀ। ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰਨ ਤੋਂ ਪਹਿਲਾ ਪਿੰਡ ਦੇ ਮੁਖ ਗੁਰਦੁਆਰੇ ’ਚ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪਰਾਲੀ ਸਾਡ਼ਨਾ ਕਿਸਾਨਾਂ ਦਾ ਕੋਈ ਸ਼ੌਕ ਨਹੀਂ, ਮਜਬੂਰੀ ਹੈ। ਸਰਕਾਰ ਜਾਂ ਕੋਈ ਵੀ ਸਰਕਾਰੀ ਅਧਿਕਾਰੀ ਕਿਸਾਨਾਂ ਦੀ ਇਸ ਮਜਬੂਰੀ ਨੂੰ ਸੁਣਨ ਅਤੇ ਸਮਝਣ ਲਈ ਤਿਆਰ ਨਹੀਂ ਉਲਟਾ ਕਿਸਾਨਾਂ ਨੂੰ ਕੇਸਾਂ ਅਤੇ ਜੁਰਮਾਨਿਆਂ ਦੇ ਡਰਾਵੇ ਦਿੱਤੇ ਜਾ ਰਹੇ ਹਨ। ਪੰਜਾਬ ਸਰਕਾਰ ਦੇ ਇਸ ਨਾਕਾਰਾਤਮਿਕ ਰਵੱਈਏ ਨੇ ਹੀ ਕਿਸਾਨਾਂ ਨੂੰ ਬਾਹਰੀ ਰੁਖ ਇਖਤਿਆਰ ਕਰਨ ਦੇ ਰਾਹ ਤੋਰਿਆ ਹੈ। ਕਿਸਾਨ ਆਗੂਆਂ ਹਵਾ ਵਿਚ ਪ੍ਰਦੂਸ਼ਣ ਫੈਲਣ ਵਾਲੀ ਗੱਲ ਨੂੰ ਇਸ ਤਰਕ ਦੇ ਆਧਾਰ ’ਤੇ ਕੱਟਿਆ ਕਿ ਪਰਾਲੀ ਪ੍ਰਦੂਸ਼ਣ ਦਾ ਸਿਰਫ਼ ਅੱਠ ਫੀਸਦੀ ਹੈ।
ਸਰਕਾਰ ਨੇ ਅੱਜ ਤੱਕ ਵੀ ਕਿਸਾਨਾਂ ਦੀ ਮੰਗ ਅਨੁਸਾਰ ਨਾਂ ਤਾਂ 200 ਰੁਪਏ ਕੁਇੰਟਲ ਮੁਆਵਜੇ ਦੀ ਗੱਲ ਮੰਨੀ ਹੈ ਅਤੇ ਨਾ ਹੀ, ਖਡ਼ੇ ਕਰਚਿਆਂ ਵਿਚ ਬੀਜਣ ਵਾਲੇ ਹੈਪੀ ਸੀਡਰਾਂ ਦਾ ਲੋਡ਼ੀਂਦਾ ਪ੍ਰਬੰਧ ਕੀਤਾ ਹੈ ਅਤੇ ਨਾ ਹੀ ਖਜ਼ਾਨਾ ਮੰਤਰੀ ਦੇ ਬਿਆਨ ਅਨੁਸਾਰ 400 ਦੀ ਗਿਣਤੀ ਵਿਚ ਬਾਇਓਮਾਸ ਪਲਾਂਟ ਲੱਗੇ ਹਨ।
ਕਿਸਾਨਾਂ ਵਲੋਂ ਸਮੂਹਿਕ ਰੂਪ ਵਿਚ ਪਰਾਲੀ ਨੂੰ ਅਗਨ ਭੇਟ ਕਰਦਿਆਂ ਸਰਕਾਰੀ ਅਧਿਕਾਰੀਆਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਕਿਸੇ ਅਧਿਕਾਰੀ ਨੇ ਕਿਸੇ ਕਿਸਾਨ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅੱਜ ਦੀ ਤਰ੍ਹਾਂ ਸੈਂਕਡ਼ਿਆਂ ਦੀ ਗਿਣਤੀ ’ਚ ਇਕੱਠੇ ਹੋ ਕੇ ਘਿਰਾਓ ਕੀਤਾ ਜਾਵੇਗਾ। ਅੱਜ ਦੇ ਇਕੱਠ ਨੂੰ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਜ਼ਿਲਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਅਤੇ ਬਲਵਿੰਦਰ ਸਿੰਘ ਦੰਦੀਆਲ ਨੇ ਸੰਬੋਧਨ ਕੀਤਾ। ਇਸ ਮੌਕੇ ਪਿੰਡ ਦੀ ਚਾਰ ਕਿਸਾਨ ਕਮੇਟੀਆਂ ਦੇ ਸਾਰੇ ਅਹੁਦੇਦਾਰ ਸ਼ਾਮਲ ਹੋਏ।