ਲਿਮਿਟ ਬੰਦ ਕਰਨ ''ਤੇ ਕਿਸਾਨਾਂ ਬੈਂਕ ਅੱਗੇ ਕੀਤੀ ਨਾਅਰੇਬਾਜ਼ੀ

08/22/2019 12:17:58 AM

ਸੰਗਤ ਮੰਡੀ (ਮਨਜੀਤ)-ਸਥਾਨਕ ਮੰਡੀ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਲਿਮਿਟ ਬੰਦ ਕਰਨ ਅਤੇ ਬੈਂਕ ਸਟਾਫ ਵੱਲੋਂ ਦੁਰਵਿਵਹਾਰ ਕਰਨ 'ਤੇ ਕਿਸਾਨਾਂ ਨੇ ਬੈਂਕ ਦੇ ਮੁੱਖ ਗੇਟ ਅੱਗੇ ਬੈਂਕ ਮੈਨੇਜਰ ਤੇ ਸਟਾਫ ਵਿਰੁੱਧ ਨਾਅਰੇਬਾਜ਼ੀ ਕੀਤੀ। ਪਿੰਡ ਸੰਗਤ ਕਲਾਂ ਦੇ ਕਿਸਾਨ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਮਾਂ ਦੇ ਨਾਲ ਸਾਂਝਾ ਖਾਤਾ ਖੁੱਲ੍ਹਵਾ ਕੇ 2 ਲੱਖ ਦੀ ਲਿਮਿਟ ਬਣਾਈ ਗਈ ਸੀ। ਉਸ ਨੇ ਬੈਂਕ ਕਰਮਚਾਰੀਆਂ ਵੱਲੋਂ ਪੈਸੇ ਦੁਬਾਰਾ ਜਲਦੀ ਮਿਲਣ ਦੇ ਮਿਲੇ ਭਰੋਸੇ 'ਤੇ ਲਿਮਿਟ ਦੀ ਸਾਰੀ ਰਕਮ ਭਰ ਦਿੱਤੀ। ਜਦੋਂ ਉਹ ਦੁਬਾਰਾ ਪੈਸੇ ਲੈਣ ਗਿਆ ਤਾਂ ਬੈਂਕ ਕਰਮਚਾਰੀਆਂ ਵੱਲੋਂ ਪਹਿਲਾਂ ਤਾਂ ਉਸ ਨੂੰ ਕਈ ਦਿਨ ਖੱਜਲ-ਖੁਆਰ ਕੀਤਾ ਗਿਆ। ਫਿਰ ਉਸ ਨੂੰ ਬੈਂਕ ਦਾ ਡਿਫਾਲਟਰ ਐਲਾਨ ਕੇ ਲਿਮਿਟ ਨੂੰ ਬੰਦ ਕਰ ਦਿੱਤਾ। ਉਨ੍ਹਾਂ ਬੈਂਕ 'ਚ ਖੜ੍ਹ ਕੇ ਸ਼ਰੇਆਮ ਐਲਾਨ ਕੀਤਾ ਗਿਆ ਕਿ ਜੇਕਰ ਉਸ ਦੀ ਬੰਦ ਕੀਤੀ ਲਿਮਿਟ ਚਾਲੂ ਨਾ ਕੀਤੀ ਗਈ ਤਾਂ ਉਹ ਬੈਂਕ ਅੱਗੇ ਖੁਦਕੁਸ਼ੀ ਕਰੇਗਾ, ਜਿਸ ਦਾ ਜ਼ਿੰਮੇਵਾਰ ਬੈਂਕ ਮੈਨੇਜਰ 'ਤੇ ਸਟਾਫ ਹੋਵੇਗਾ। ਸੰਗਤ ਕਲਾਂ ਦੀ ਇਕ ਹੋਰ ਔਰਤ ਪਰਮਜੀਤ ਕੌਰ ਨੇ ਕਿਹਾ ਕਿ ਉਹ ਬੈਂਕ 'ਚੋਂ ਅੱਜ ਵਿਧਵਾ ਪੈਨਸ਼ਨ ਲੈਣ ਆਈ ਸੀ, ਬੈਂਕ ਕਰਮਚਾਰੀਆਂ ਵੱਲੋਂ ਉਨ੍ਹਾਂ ਤੋਂ ਪੈਨਸ਼ਨ ਦੇਣ ਲਈ ਦਸਤਖਤ ਵੀ ਕਰਵਾ ਲਏ ਸਨ। ਬੈਂਕ ਮੈਨੇਜਰ ਨੇ ਉਨ੍ਹਾਂ ਨੂੰ ਕਿਹਾ ਕਿ ਲਿਮਿਟ ਦਾ ਵਿਆਜ ਭਰਨ ਤੋਂ ਬਾਅਦ ਹੀ ਪੈਨਸ਼ਨ ਦਿੱਤੀ ਜਾਵੇਗੀ।

ਕੀ ਕਹਿੰਦੇ ਨੇ ਬੈਂਕ ਮੈਨੇਜਰ
ਜਦੋਂ ਇਸ ਸਬੰਧੀ ਬੈਂਕ ਮੈਨੇਜਰ ਪ੍ਰਵੀਨ ਕੁਮਾਰ ਗਰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਅੱਜ ਬੈਂਕ 'ਚ ਆ ਕੇ ਰੌਲਾ ਪਾਇਆ ਗਿਆ ਹੈ ਉਹ ਸਾਰੇ ਬੈਂਕ ਦੇ ਡਿਫਾਲਟਰ ਹਨ। ਜਦੋਂ ਉਹ ਕਿਸਾਨਾਂ ਦੇ ਘਰਾਂ 'ਚ ਬੈਂਕ 'ਚ ਪੈਸੇ ਭਰਨ ਲਈ ਕਹਿਣ ਜਾਂਦੇ ਹਨ ਤਾਂ ਉਹ ਉਨ੍ਹਾਂ ਨੂੰ ਗਲਤ ਬੋਲਦੇ ਹਨ। ਬੈਂਕ ਦੇ ਕਿਸੇ ਵੀ ਕਰਮਚਾਰੀ ਵੱਲੋਂ ਕਿਸੇ ਨਾਲ ਵੀ ਕੋਈ ਦੁਰਵਿਵਹਾਰ ਨਹੀਂ ਕੀਤਾ ਗਿਆ। ਜੇਕਰ ਉਨ੍ਹਾਂ ਦੀ ਗਾਹਕਾਂ ਨਾਲ ਮਾੜੀ ਡੀਲਿੰਗ ਹੋਵੇਗੀ ਤਾਂ ਬੈਂਕ ਕਿਸ ਤਰ੍ਹਾਂ ਚੱਲੇਗਾ।


Karan Kumar

Content Editor

Related News