ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦਾ ਇੱਕ ਢੰਗ ਇਹ ਵੀ, ਪੇਂਟਿੰਗਾਂ ਰਾਹੀਂ ਬਿਆਨੀ ਲੋਕ ਆਵਾਜ਼
Thursday, Dec 24, 2020 - 06:02 PM (IST)
ਫਰੀਦਕੋਟ (ਜਗਤਾਰ): ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਜਿੱਥੇ ਦੇਸ਼ਾਂ-ਵਿਦੇਸ਼ਾਂ ਵਿਚ ਵੀ ਸਮਰਥਨ ਮਿਲ ਰਿਹਾ ਅਜਿਹੇ ’ਚ ਜੋ ਵੀ ਕੋਈ ਜਿਸ ਵੀ ਖਿੱਤੇ ਨਾਲ ਸੰਬੰਧਿਤ ਹੈ ਉਹ ਉਸੇ ਹਿਸਾਬ ਨਾਲ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਿਹਾ। ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ਦੇ ਰਹਿਣ ਵਾਲੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਗੁਲਵੰਤ ਸਿੰਘ ਨੇ ਵੀ ਆਪਣੇ ਅੰਦਾਜ਼ ’ਚ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ ਹੈ। ਗੁਲਵੰਤ ਸਿੰਘ ਨੇ ਕਿਸਾਨ ਸੰਘਰਸ਼ ਅਤੇ ਭਾਰਤੀ ਹਕੂਮਤ ਦੇ ਰੱਵਈਏ ਨੂੰ ਦਰਸਾਉਂਦੀ ਇਕ ਪੇਂਟਿੰਗ ਬਣਾ ਕੇ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ ਹੈ।ਜਿਸ ਵਿਚ ਉਸ ਨੇ ਖੁਸ਼ਹਾਲ ਪੰਜਾਬ ਦਾ ਨਕਸ਼ਾ ਵੀ ਬਣਾਇਆ ਹੈ, ਜਿਸ ਜਗ੍ਹਾ ਬੈਠ ਕੇ ਭਾਰਤੀ ਹਕੂਮਤ ਨੇ ਕਾਲੇ ਕਾਨੂੰਨ ਪਾਸ ਕੀਤੇ ਉਸ ਪਾਰਲੀਮੈਂਟ ਦਾ ਨਕਸ਼ਾ ਵੀ ਦਿਖਿਆ ਹੈ।
ਸੰਘਰਸ਼ ਕਰਦੇ ਕਿਸਾਨ ਵੀ ਵਿਖਾਏ ਹਨ। ਧਰਨੇ ’ਚ ਪਹੁੰਚੇ ਨਿਹੰਗ ਸਿੰਘਾਂ ਦੇ ਜਥੇ ਵੀ ਦਰਸਾਏ ਹਨ, ਕਿਸਾਨ ਧਰਨਿਆਂ ਨੂੰ ਸੰਬੋਧਨ ਕਰਦੇ ਕਿਸਾਨ ਆਗੂ ਵੀ ਵਿਖਾਏ ਨੇ ਅਤੇ ਸ਼ਹੀਦ ਹੋਏ ਕਿਸਾਨਾਂ ਦਾ ਜ਼ਿਕਰ ਵੀ ਇਸ ਪੇਟਿੰਗ ਵਿਚ ਹੈ। ਨਾਲ ਹੀ ਇਸ ਪੇਟਿੰਗ ’ਚ ਉਨ੍ਹਾਂ ਮੀਡੀਆ ਦੀ ਤਸਵੀਰ ਵੀ ਬਣਾਈ ਹੈ ਜੋ ਕਿਸਾਨ ਅੰਦੋਲਨ ਦੀ ਹਰ ਇਕ ਗਤੀਵਿਧੀ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ।ਇਸ ਦੇ ਨਾਲ ਹੀ ਉਨ੍ਹਾਂ ਕੇਂਦਰੀ ਹਕੂਮਤ ਦੇ ਮੰਤਰੀਆਂ ਦੇ ਹੱਸਦੇ ਚਿਹਰੇ ਇਸ ਪੇਟਿੰਗ ਵਿਚ ਬਣਾ ਕੇ ਕੇਂਦਰੀ ਹਕੂਮਤ ਦੀ ਮਾਨਸਿਕਤਾ ਵੀ ਉਜਾਗਰ ਕੀਤੀ ਹੈ।
ਗੱਲਬਾਤ ਕਰਦਿਆਂ ਗੁਲਵੰਤ ਸਿੰਘ ਨੇ ਕਿਹਾ ਕਿ ਉਹ ਖੁਦ ਭਾਵੇਂ ਦਿੱਲੀ ਨਹੀ ਜਾ ਸਕਿਆ ਪਰ ਦੇਸ਼ ਦੇ ਅੰਨਦਾਤੇ ਵਲੋਂ ਆਪਣੀਆਂ ਜਾਇਜ਼ ਮੰਗਾਂ ਲਈ ਵਿੱਢੇ ਹੋਏ ਸੰਘਰਸ਼ ’ਚ ਹਿੱਸਾ ਪਾਉਣ ਲਈ ਉਨ੍ਹਾਂ ਵਲੋਂ ਇਹ ਪੇਂਟਿੰਗ ਤਿਆਰ ਕੀਤੀ ਗਈ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨ ਭਰਾ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨੇ ਅਤੇ ਕਿਸਾਨਾਂ ਦੇ ਵਿਰੋਧ ਵਿਚ ਬਣਾਏ ਗਏ ਕਾਨੂੰਨ ਰੱਦ ਕਰੇ।