ਪੰਜਾਬ ਪੁਲਸ ਦਾ ਮੁਲਾਜ਼ਮ ਸਾਥੀਆਂ ਸਮੇਤ ਗ੍ਰਿਫ਼ਤਾਰ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
Monday, Jul 06, 2026 - 11:10 AM (IST)
ਸ੍ਰੀ ਮੁਕਤਸਰ ਸਾਹਿਬ, ਮਲੋਟ (ਪਵਨ ਤਨੇਜਾ, ਜੁਨੇਜਾ)- ਸ੍ਰੀ ਮੁਕਤਸਰ ਸਾਹਿਬ ਸਦਰ ਪੁਲਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਪੁਲਸ ਟੀਮ ਨੇ ਕਾਰ ਸਵਾਰ ਇਕ ਸੀਨੀਅਰ ਕਾਂਸਟੇਬਲ ਸਮੇਤ ਤਿੰਨ ਵਿਅਕਤੀਆਂ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਲਾਈਸੰਸੀ ਰਿਲਾਵਰ ਸਮੇਤ ਕਾਬੂ ਕਰ ਲਿਆ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਦੀ ਟੀਮ ਨੇ ਐੱਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਨੇ ਗਸ਼ਤ ਅਤੇ ਸ਼ੱਕੀ ਪੁਰਸ਼ਾਂ ਦੀ ਤਲਾਸ਼ ਮੁਹਿੰਮ ਤਹਿਤ ਪਿੰਡ ਬਧਾਈ ਤੋਂ ਜਲਾਲਾਬਾਦ ਵਾਲੇ ਪਾਸੇ ਜਾ ਰਹੇ ਸੀ ਕਿ ਰਸਤੇ ਵਿਚ ਇਕ ਆਈ 20 ਕਾਰ ਨੰਬਰ ਪੀ.ਬੀ.22 ਐੱਨ. 0969 ਨੂੰ ਸ਼ੱਕੀ ਹਾਲਤ ਵਿਚ ਵੇਖਿਆ। ਪੁਲਸ ਟੀਮ ਨੇ ਉਕਤ ਵਿਅਕਤੀਆਂ ਦਾ ਨਾਮ ਪਤਾ ਪੁੱਛਿਆ ਤਾਂ ਡਰਾਇਵਰ ਸੀਟ ਤੇ ਬੈਠਾ ਵਿਅਕਤੀ ਪੰਜਾਬ ਪੁਲਸ ਦਾ ਸੀਨੀਅਰ ਸਿਪਾਹੀ ਜੋਗਿੰਦਰ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਚੱਕ ਪਾਲੀਵਾਲਾ ਜ਼ਿਲ੍ਹਾ ਫਾਜ਼ਿਲਕਾ ਅਤੇ ਨਾਲ ਬੈਠੇ ਵਿਅਕਤੀਆਂ ਅਰਸ਼ਦੀਪ ਸਿੰਘ ਅਰਸ਼ ਪੁੱਤਰ ਸੁਖਦੇਵ ਸਿੰਘ ਪਿੰਡ ਮਮਦੋਟ ਅਤੇ ਦਿਲਸ਼ੇਰ ਸਿੰਘ ਲਾਡੀ ਪੁੱਤਰ ਸੁਰਿੰਦਰ ਸਿੰਘ ਵਾਸੀ ਗੋਨਿਆਨਾ ਰੋਡ ਸ੍ਰੀ ਮੁਕਤਸਰ ਸਾਹਿਬ ਹਾਲ ਅਬਾਦ ਅਬੋਹਰ ਵਜੋਂ ਹੋਈ। ਪੁਲਸ ਨੇ ਉਕਤ ਵਿਅਕਤੀਆਂ ਦੀ ਤਲਾਸ਼ੀ ਲੈਣ ਲਈ ਡੀ.ਐੱਸ.ਪੀ.ਡੀ ਸ੍ਰੀ ਮੁਕਤਸਰ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ। ਪੁਲਸ ਟੀਮ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿਚੋਂ 280 ਗ੍ਰਾਮ ਹੈਰੋਇਨ ਅਤੇ ਇਕ ਲਾਈਸੰਸੀ ਰਿਵਾਲਵਰ ਮਿਲਿਆ।
ਪੁਲਸ ਨੇ ਉਕਤ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਸਦਰ ਸ੍ਰੀ ਮੁਤਸਰ ਸਾਹਿਬ ਵਿਖੇ ਤਿੰਨਾਂ ਮੁਲਜ਼ਮਾਂ ਵਿਰੁੱਧ ਐੱਨ. ਡੀ. ਪੀ. ਐੱਸ. ਅਤੇ ਅਸਲਾ ਐਕਟ 27/54/59 ਤਹਿਤ ਮਾਮਲਾ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਮੁਲਜ਼ਮਾਂ ਵਿਚ ਇਕ ਜੋਗਿੰਦਰ ਸਿੰਘ ਪੰਜਾਬ ਪੁਲਸ ਦਾ ਮੁਲਾਜ਼ਮ ਹੈ ਅਤੇ ਫਾਜ਼ਿਲਕਾ ਜ਼ਿਲ੍ਹੇ ਦੀ ਚੌਂਕੀ ਵਿਚ ਮੁਨਸ਼ੀ ਵਜੋਂ ਤਾਇਨਾਤ ਹੈ। ਹਾਲਾਂਕਿ ਇਸ ਮਾਮਲੇ ਤੇ ਪੁਲਸ ਜਾਂਚ ਕਰ ਰਹੀ ਹੈ। ਉੱਥੇ ਫੜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿਚ ਡੇਢ ਕਰੋੜ ਰੁਪਏ ਸਮਝੀ ਜਾਂਦੀ ਹੈ। ਪੁਲਸ ਮੁਲਾਜ਼ਮ ਪਾਸੋਂ ਬਰਾਮਦ ਨਸ਼ੇ ਨੇ ਇਕ ਵਾਰ ਫਿਰ ਸਰਕਾਰ ਦੀ ਮੁਹਿੰਮ ਤੇ ਸਵਾਲ ਖੜੇ ਕਰ ਦਿੱਤੇ ਹਨ।
