ਫਰੀਦਕੋਟ ਦੇ ਪਿੰਡਾਂ ’ਚ ਧਰਤੀ ਹੇਠਲੇ ਪਾਣੀ ’ਚ ਮਿਲੇ ਯੂਰੇਨੀਅਮ ਅਤੇ ਆਰਸੈਨਿਕ ਦੇ ਤੱਤ

05/20/2022 12:06:57 PM

ਫਰੀਦਕੋਟ (ਦੁਸਾਂਝ) : ਜਿੱਥੇ ਇਕ ਪਾਸੇ ਪੂਰੇ ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਜਾ ਰਿਹਾ ਉਥੇ ਹੀ ਹੁਣ ਪੰਜਾਬੀਆ ਲਈ ਵੱਡੀ ਮਾੜੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਫਰੀਦਕੋਟ ਜ਼ਿਲ੍ਹੇ ਅੰਦਰ ਧਰਤੀ ਹੇਠਲੇ ਪਾਣੀ ’ਚ ਯੂਰੇਨੀਅਮ ਅਤੇ ਆਰਸੈਨਿਕ ਦੇ ਤੱਤ ਪਾਏ ਗਏ ਹਨ ਜੋ ਇਨਸਾਨੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹਨ ਪਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ । ਹਾਲ ਹੀ ਵਿਚ ਵਾਟਰ ਸਪਲਾਈ ਵਿਭਾਗ ਵੱਲੋਂ ਕਰਵਾਈਆਂ ਗਈਆ ਰਿਪੋਰਟਾਂ ਵਿਚ ਫਰੀਦਕੋਟ ਦੇ ਨਾਲ ਲਗਦੇ ਪਿੰਡਾਂ ਦੇ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਅਤੇ ਆਰਸੈਨਿਕ ਦੀ ਮਾਤਰਾ ਪਾਈ ਗਈ ਹੈ। ਜਿਨ੍ਹਾਂ ’ਚ ਕੁਝ ਪਿੰਡਾਂ ਵਿਚ ਪਾਣੀ ਦੀ ਯੂਰੇਨੀਅਮ ਦੀ ਮਾਤਰਾ 99.59 ਮਾਈਕ੍ਰੋਗ੍ਰਾਮ/ਪ੍ਰਤੀ ਲੀਟਰ ਅਤੇ ਆਰਸੈਨਿਕ ਦੀ ਮਾਤਰਾ 0.023 ਐੱਮਜੀ/ਪ੍ਰਤੀ ਲੀਟਰ ਤੱਕ ਪਾਈ ਗਈ ਹੈ ਜਿਸ ਵਿਚ ਯੂਰੇਨੀਅਮ ਦੀ ਮਾਤਰਾ 30 ਮਾਈਕ੍ਰੋਗ੍ਰਾਮ/ਪ੍ਰਤੀ ਲੀਟਰ ਤੱਕ ਅਤੇ ਆਰਸੈਨਿਕ ਦੀ ਮਾਤਰਾ 0.01 ਐੱਮਜੀ/ਪ੍ਰਤੀ ਲੀਟਰ ਨਾਰਮਲ ਮੰਨਿਆ ਜਾਂਦਾ ਹੈ । ਧਰਤੀ ਹੇਠਲੇ ਪਾਣੀ ’ਚ ਯੂਰੇਨੀਅਮ ਅਤੇ ਆਰਸੈਨਿਕ ਦੀ ਮਾਤਰਾ ਵੱਧ ਪਾਏ ਜਾਣ ਵਾਲੇ ਪਿੰਡਾਂ ਦੀ ਦੁਬਾਰਾ ਸੈਂਪਲਿੰਗ ਕਰ ਕੇ ਮੁੜ ਰਿਪੋਰਟਾਂ ਕਰਵਾਈਆਂ ਜਾ ਰਹੀਆਂ ਹਨ ਪਰ ਹਾਲੇ ਤੱਕ ਵਾਟਰ ਸਪਲਾਈ ਵਿਭਾਗ ਵੱਲੋਂ ਅਜਿਹੇ ਪਿੰਡਾਂ ਦੇ ਨਾਮ ਨਸ਼ਰ ਨਹੀਂ ਕੀਤੇ ਜਾ ਰਹੇ।

ਇਹ ਵੀ ਪੜ੍ਹੋ : ਬਠਿੰਡਾ 'ਚ ਰਿਸ਼ਤੇ ਹੋਏ ਤਾਰ-ਤਾਰ, ਮਾਸੀ ਦਾ ਮੁੰਡਾ ਅੱਠਵੀਂ ਜਮਾਤ 'ਚ ਪੜ੍ਹਦੀ ਭੈਣ ਨੂੰ ਲੈ ਕੇ ਹੋਇਆ ਫ਼ਰਾਰ

ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਅੱਧਾ ਦਰਜਨ ਪਿੰਡਾਂ ਦੇ ਨਲਕਿਆਂ ਅਤੇ ਟਿਉਬਵੈਲਾਂ ਦੇ ਪਾਣੀ ਦੇ ਸੈਂਪਲ ਵਿਚ ਹੈਵੀ ਮੈਟਲ ਅਤੇ ਯੂਰੇਨੀਅਮ ਅਤੇ ਆਰਸੈਨਿਕ ਵਰਗੇ ਤੱਤ ਪਾਏ ਗਏ ਹਨ ਜੋ ਇਨਸਾਨੀ ਸਿਹਤ ਲਈ ਬਹੁਤ ਜ਼ਿਆਦਾ ਘਾਤਕ ਸਿੱਧ ਹੋ ਸਕਦੇ ਹਨ। ਇਸ ਦੀ ਪੁਸ਼ਟੀ ਵਾਟਰ ਸਪਲਾਈ ਵਿਭਾਗ ਫਰੀਦਕੋਟ ਦੇ ਕਾਰਜਕਾਰੀ ਇੰਜਨੀਅਰ ਸਵਿੰਦਰ ਸਿੰਘ ਨੇ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਕੁਝ ਪਿੰਡਾਂ ਦੇ ਨਲਕਿਆ ਅਤੇ ਟਿਊਬਵੈਲਾਂ ਦੇ ਪਾਣੀ ਦੀ ਸੈਂਪਲਿੰਗ ਕਰਵਾਈ ਗਈ ਸੀ ਜਿਨ੍ਹਾਂ ’ਚੋਂ ਕੁਝ ਪਿੰਡਾਂ ਦੇ ਪਾਣੀ ਦੇ ਸੈਂਪਲਾਂ ਵਿਚ ਯੂਰੇਨੀਅਮ ਅਤੇ ਹੋਰ ਮਾਰੂ ਤੱਤ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜਿਥੇ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ। ਉਨ੍ਹਾਂ ਪਿੰਡਾਂ ਦੀ ਸੈਂਪਲਿੰਗ ਦੁਬਾਰਾ ਕੀਤੀ ਜਾ ਰਹੀ ਤਾਂ ਜੋ ਡਬਲ ਟੈਸਟਿੰਗ ਹੋ ਕੇ ਸਹੀ ਤੱਥ ਸਾਹਮਣੇ ਆ ਸਕਣ। ਉਨ੍ਹਾਂ ਨਾਲ ਹੀ ਦੱਸਿਆ ਕਿ ਜਦ ਤੱਕ ਦੁਬਾਰਾ ਟੈਸਟਿੰਗ ਰਿਪੋਰਟਾਂ ਸਾਹਮਣੇ ਨਹੀਂ ਆਉਂਦੀਆ ਉਦੋਂ ਤੱਕ ਅਜਿਹੇ ਪਿੰਡਾਂ ਦੇ ਨਾਮ ਜਨਤਕ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਨਾਲ ਹੀ ਦੱਸਿਆ ਕਿ ਫਰੀਦਕੋਟ ਦੇ ਲੋਕ ਨਹਿਰ ਕਿਨਾਰੇ ਲੱਗੇ ਨਲਕਿਆਂ ਦਾ ਪਾਣੀ ਪੀ ਰਹੇ ਹਨ ਤੇ ਉਨ੍ਹਾਂ ਦੀ ਵੀ ਸੈਂਪਲਿੰਗ ਕਰਵਾਈ ਜਾਵੇਗੀ ਕਿਉਕਿ ਹਾਲ ਹੀ ਵਿਚ ਇਨ੍ਹਾਂ ਨਹਿਰਾਂ ’ਚ ਵਗਣ ਵਾਲੇ ਪਾਣੀ ਨੂੰ ਪੀਣ ਲਈ ਸਹੀ ਨਾ ਮੰਨਦੇ ਹੋਏ ਸਰਕਾਰ ਵੱਲੋਂ ਇਕ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਲਕਿਆਂ ਦਾ ਪਾਣੀ ਧਰਤੀ ਦੀ ਉਪਰਲੀ ਸਤ੍ਹਾ ਦਾ ਪਾਣੀ ਹੈ ਜਿਸ ਵਿਚ ਹੈਵੀ ਮੈਟਲਜ ਹੋਣ ਦੇ ਚਾਂਸ ਵੀ ਹਨ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਫਰੀਦਕੋਟ ਦੇ ਲੋਕਾਂ ਨੂੰ ਵਾਟਰ ਸਪਲਾਈ ਵਿਭਾਗ ਵੱਲੋਂ ਰਾਜਾ ਮਾਇਨਰ ਦਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਜੋ ਕਾਫੀ ਹੱਦ ਤੱਕ ਸਹੀ ਹੈ।

ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਵਾਟਰ ਸਪਲਾਈ ਵਿਭਾਗ ਦੇ ਅੰਕੜਿਆ ਅਨੁਸਾਰ ਜੋ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਨੇ ਫਰੀਦਕੋਟ ਇਲਾਕੇ ਦੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆ ਹਨ ਕਿਉਕਿ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਦਾ ਪਾਇਆ ਜਾਣਾ ਕਾਫੀ ਖਤਰਨਾਕ ਸਾਬਤ ਹੋ ਸਕਦਾ, ਜੋ ਕਾਫੀ ਚਿੰਤਾ ਦਾ ਵਿਸ਼ਾ ਹੈ । ਇਸੇ ਲਈ ਸਾਡੀ ਟੀਮ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਸਿਵਿਲ ਹਸਪਤਾਲ ਫਰੀਦਕੋਟ ਡਾ. ਚੰਦਰ ਸੇਖਰ ਨੇ ਦੱਸਿਆ ਕਿ ਫਰੀਦਕੋਟ ਇਲਾਕੇ ਦਾ ਧਰਤੀ ਹੇਠਲਾ ਪਾਣੀ ਸੁਰੂ ਤੋਂ ਹੀ ਪੀਣ ਯੋਗ ਨਹੀਂ ਸੀ ਤਾਂ ਹੀ ਤਾਂ ਉਸ ਵਕਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਫਰੀਦਕੋਟ ਦੇ ਲੋਕਾਂ ਦੀ ਮੰਗ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਰਿਪੋਰਟ ’ਤੇ ਰਾਜਾ ਮਾਇਨਰ ਦਾ ਪਾਣੀ ਫਰੀਦਕੋਟ ਦੇ ਲੋਕਾਂ ਨੂੰ ਪੀਣ ਲਈ ਮੁਹੱਈਆ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਫਰੀਦਕੋਟ ਵਿਚ ਜੋ ਧਰਤੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਪਾਈ ਗਈ ਹੈ ਉਹ ਯੂਰੇਨੀਅਮ ਰੇਡੀਓ ਐਕਟਿਵ ਨਹੀਂ ਹੈ। ਇਸ ਲਈ ਇਸ ਤੋਂ ਕੋਈ ਜ਼ਿਆਦਾ ਖਤਰਾ ਨਹੀਂ ਹੈ ਪਰ ਉਨ੍ਹਾਂ ਨਾਲ ਹੀ ਦੱਸਿਆ ਕਿ ਸਹੀ ਤਾਂ ਇਹ ਹੈ ਕਿ ਪਾਣੀ ’ਚ ਯੂਰੇਨੀਅਮ ਹੋਣਾ ਹੀ ਨਹੀਂ ਚਾਹੀਦਾ।ਫਰੀਦਕੋਟ ਦੇ ਲੋਕਾਂ ਵੱਲੋਂ ਨਹਿਰਾਂ ’ਤੇ ਲੱਗੇ ਨਲਕਿਆਂ ਦਾ ਪਾਣੀ ਵਰਤਣ ’ਤੇ ਉਨ੍ਹਾਂ ਕਿਹਾ ਕਿ ਉਹ ਪਾਣੀ ਧਰਤੀ ਦੀ ਉਪਰਲੀ ਸਤ੍ਹਾ ਦਾ ਮਤਲਬ 30 ਤੋਂ ਪੈਂਤੀ ਫੁੱਟ ਤੱਕ ਦਾ ਹੈ ਜਿਸ ਵਿਚ ਹੈਵੀ ਮੈਟਲ ਹੋ ਸਕਦੇ ਹਨ ਕਿਉਕਿ ਜਿਨ੍ਹਾਂ ਨਹਿਰਾਂ ਦੇ ਕਿਨਾਰੇ ਇਹ ਨਲਕੇ ਲੱਗੇ ਹਨ ਉਨ੍ਹਾਂ ਨਹਿਰਾਂ ਦੇ ਪਾਣੀ ਨੂੰ ਪੀਣਯੋਗ ਨਹੀਂ ਮੰਨਿਆ ਗਿਆ ਅਤੇ ਹਾਲ ਹੀ ਵਿਚ ਸਰਕਾਰ ਨੇ ਇਕ ਐਡਵਾਇਜਰੀ ਵੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ : ਵਹਿਸ਼ੀਪੁਣੇ ਦੀ ਹੱਦ! ਪਤਨੀ ਨੂੰ ਲਗਾਇਆ ਹੱਥ ਤਾਂ 12 ਸਾਲਾ ਨਾਬਾਲਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਿਆ

ਇਸ ਸੰਬੰਧੀ ਫਰੀਦਕੋਟ ਦੇ ਲੋਕਾਂ ਦਾ ਤਰਕ ਹੈ ਕਿ ਜਦੋਂ ਲੋਕਾਂ ਕੋਲ ਕੋਈ ਬਦਲਵਾਂ ਪ੍ਰਬੰਧ ਹੀ ਨਹੀਂ ਹੈ ਤਾਂ ਉਹ ਜਾਣ ਕਿੱਥੇ। ਲੋਕਾਂ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਚੁੱਕਾ, ਫਰੀਦਕੋਟ ਸਹਿਰ ਦਾ ਧਰਤੀ ਹੇਠਲਾ ਪਾਣੀ ਬਹੁਤ ਜ਼ਿਆਦਾ ਖਾਰਾ ਹੈ, ਵਾਟਰ ਵਰਕਸ ਤੋਂ ਪਾਣੀ ਪੂਰਾ ਮਿਲਦਾ ਨਹੀਂ, ਸਹਿਰ ਅੰਦਰ ਲੱਗੇ ਆਰਓ ਸਿਸਟਮ ਬੰਦ ਪਏ ਹਨ, ਤਾਂ ਦੱਸੋ ਸਹਿਰ ਵਾਸੀ ਜਾਣ ਕਿੱਥੇ। ਸਹਿਰ ਵਾਸੀਆ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਰਾਜਾ ਮਾਇਨਰ ਵਿਚ ਵੀ ਬੰਦੀ ਆ ਜਾਵੇਗੀ ਤਾਂ ਫਰੀਦਕੋਟ ਦੇ ਲੋਕਾਂ ਨੂੰ ਮਜਬੂਰਨ ਇਹੀਂ ਪਾਣੀ ਪੀਣਾ ਪਵੇਗਾ ਅਤੇ ਉਹ ਪੀ ਵੀ ਰਹੇ ਹਨ। ਸ਼ਹਿਰ ਵਾਸੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਫਰੀਦਕੋਟ ਦੇ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਲੋਕ ਇਹ ਜਾਨਲੇਵਾ ਪਾਣੀ ਪੀਣ ਲਈ ਮਜਬੂਰ ਨਾ ਹੋਣ। ਇਸ ਦੇ ਨਾਲ ਭਾਈ ਘਨੱਈਆ ਜੀ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਅਤੇ ਦਰਿਆਵਾਂ ਦੇ ਪਾਣੀ ਸਾਰੇ ਹੀ ਦੂਸ਼ਿਤ ਹੋ ਚੁੱਕੇ ਹਨ । ਉਨ੍ਹਾਂ ਦੱਸਿਆ ਕਿ ਜੋ ਧਰਤੀ ਹੇਠਲੇ ਪਾਣੀ ਵਿਚ ਰਸਾਇਣਿਕ ਤੱਤ ਸਾਹਮਣੇ ਆ ਰਹੇ ਹਨ ਉਹ ਸਿਹਤ ਲਈ ਕਾਫੀ ਹਾਨੀਕਾਰਨ ਹਨ। ਉਨ੍ਹਾਂ ਦੱਸਿਆ ਕਿ ਯੂਰੇਨੀਅਮ ਨਾਲ ਹੱਡੀਆਂ ਅਤੇ ਜਿਗਰ ਆਦਿ ਰੋਗ ਲੱਗਦੇ ਹਨ। ਆਰਸੈਨਿਕ ਨਾਲ ਦਿਲ, ਚਮੜੀ ਅਤੇ ਦਿਮਾਗੀ ਬਿਮਾਰੀਆਂ ਲਗਦੀਆਂ ਹਨ ਅਤੇ ਬੌਧਕ ਵਿਕਾਸ ਰੁਕ ਜਾਂਦਾ। ਉਨ੍ਹਾਂ ਦੱਸਿਆ ਕਿ ਧਰਤੀ ਹੇਠਲੇ ਪਾਣੀ ਜ਼ਹਿਰੀਲੇ ਹੋ ਗਏ, ਦਰਿਆਵਾਂ ਦੇ ਪਾਣੀ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਨੇ ਖ਼ਰਾਬ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਪੰਜਾਬ ਜੋ ਯੋਧਿਆ ਦੀ ਧਰਤੀ ਸੀ ਹੁਣ ਬਿਮਾਰਾਂ ਦੀ ਧਰਤੀ ਬਣਦੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News